ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਸਤ ਪੌਣ

ਚੰਨਾਂ ਵੇ ਸਾਨੂੰ ਮਸਤ ਪੌਣ ਨਿੱਤ ਛੇੜੇ!
ਡਰ ਡਰ ਜਾਵੇ ਜਿੰਦ ਇਕੱਲੀ ਕੋਈ ਨਾ ਨੇੜੇ-ਤੇੜੇ!
ਚੰਨਾਂ ਵੇ ਸਾਨੂੰ.............

ਬਿਰਹਾ-ਪੀੜ, ਸੁਦੈਣਾਂ ਵਾਂਗੂੰ, ਦਿਲ ਦੇ ਜ਼ਖ਼ਮ ਉਚੇੜੇ!
ਯਾਦ ਤੇਰੀ ਦਾ ਇੱਕ ਪਰਛਾਵਾਂ, ਨੈਣਾਂ ਦੇ ਖੂਹ ਗੇੜੇ
ਚੰਨਾਂ ਵੇ ਸਾਨੂੰ.............

ਚਾਵਾਂ ਦੇ ਫੁੱਲ-ਪੱਤਰ ਝੜ ਗਏ, ਗ਼ਮ ਦੇ ਵੇਗ ਝਖੇੜੇ
ਆਸਾਂ ਦਾ ਇਕ-ਘਾਇਲ ਪੰਛੀ, ਤੜਪੇ ਦਿਲ ਦੇ ਵਿਹੜੇ
ਚੰਨਾਂ ਵੇ ਸਾਨੂੰ .............

ਘੋਰ ਨਿਰਾਸ਼ਾ ਪਲ ਪਲ ਪਿੱਛੋਂ, ਹਰ ਵਿਸ਼ਵਾਸ ਉਖੇੜੇ
ਕੱਲਿਆਂ, ਸਫ਼ਰ-ਉਮਰ ਦਾ ਲੰਮਾਂ, ਕਿੱਦਾਂ ਕੋਈ ਨਬੇੜੇ!
ਚੰਨਾਂ ਵੇ ਸਾਨੂੰ .............

ਤੁਧ ਬਿਨ ਜਜ਼ਬੇ ਗਏ ਜੰਗਾਲੇ, ਨਾ ਖ਼ੁਸ਼ੀਆਂ ਨਾ ਖੇੜੇ
ਅਧ-ਮੋਇਆ ਸ਼ੌਕਾਂ ਦੇ ਦੰਦੀਂ, ਲੱਪ-ਲੱਪ ਚੜ੍ਹੇ ਕਰੇੜੇ
ਚੰਨਾਂ ਵੇ ਸਾਨੂੰ .............

ਲੋਕਾਂ, ਉਜਾਂ ਲੱਦੇ ਮਿਹਣੇ, ਸਾਡੇ ਗਲ਼ੀ ਚੁਮੇੜੇ
ਨਾ ਕੋਈ ਭੁੱਲ ਕੇ ਇਸ਼ਕ ਵਿਹਾਜੇ, ਨਾ ਕੋਈ ਦਰਦ ਸਹੇੜੇ
ਚੰਨਾਂ ਵੇ ਸਾਨੂੰ..............

ਮੈਂ ਤਕੜੀ ਨਿੱਤ ਕਾਵਾਂ ਦੇ ਹੱਥ ਸੌ-ਸੌ ਦਿਆਂ ਸੁਨੇਹੜੇ,
ਬੇ ਦਰਦਾ! ਤੈਂ ਵਤਨਾ ਦੇ ਵੱਲ, ਵੱਤ ਨਾ ਮਾਰੇ ਗੇੜੇ
ਚੰਨਾਂ ਵੇ ਸਾਨੂੰ .............

ਤੂੰ ਉਹ ਚੰਨ! ਪਤਾ ਨਹੀਂ ਜਿਸ ਨੂੰ, ਹੋਣ ਚਕੋਰੇ ਕਿਹੜੇ
ਮੈਂ ਉਹ ਦੀਪਕ, ਭੰਬਟ ਜਿਸ ਦੇ, ਮੂਲ ਨਾ ਆਵੇ ਨੇੜੇ
ਚੰਨਾਂ ਵੇ ਸਾਨੂੰ..............

148/ਦੀਪਕ ਜੈਤੋਈ