ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪੀਣੀ ਛੱਡ ਦੇ
ਮੇਰਾ ਘਰ ਸੁਟਿਆ ਸੂ ਪੱਟ ਵੇ-ਤੂੰ ਪੀਣੀਂ ਛੱਡ ਦੇ
ਕੀ ਬੋਤਲ ਚੋਂ ਲਿਆ ਤੂੰ ਖੱਟ ਵੇ-ਤੂੰ ਪੀਣੀਂ ਛੱਡ ਦੇ
ਕਿਸੇ ਨੇ ਤਾਂ ਹੋਸ਼ ਨ ਸੰਭਾਲ ਪੀਤੀ ਹੋਵੇਗੀ
ਕਿਸੇ ਨੇ ਗਲਾਸੀਆਂ ਦੇ ਨਾਲ ਪੀਤੀ ਹੋਵੇਗੀ
ਤੂੰ ਤਾਂ ਖਾਲੀ ਕੀਤੇ ਮੱਟ ਵੇ! ਤੂੰ ਪੀਣੀਂ ਛੱਡਦੇ!
ਸੈਂਕੜੇ ਹਜ਼ਾਰਾਂ ਤੂੰ ਸਵੇਰੇ ਸੌਹਾਂ ਚੁੱਕਦੈਂ
ਸ਼ਾਮੀ ਡੱਬ ਵਿੱਚ ਸ਼ੀਸ਼ੀ ਰੱਖਣੋਂ ਨਾ ਉੱਕਦੈਂ
ਗੇੜਾ-ਦੇ ਕੇ ਤੋੜਦੈਂ ਡੱਟ ਵੇ! ਤੂੰ ਪੀਣੀਂ ਛੱਡਦੇ!
ਇਹ ਕੀ ਰੱਬ ਹੋਇਆ ਕਿਤੇ ਅਖ ਵੀ ਨਾ ਖੋਲ੍ਹਣੀਂ
ਸੋਨੇ ਜਹੀ ਜਿੰਦ ਸਾਡੀ ਇਂਜ ਤਾਂ ਨਈਂ ਰੋਲ੍ਹਣੀਂ
ਮੇਰੇ ਪੈਣ ਕਲੇਜੇ ਵੱਟ ਵੇ! ਤੂੰ ਪੀਣੀਂ ਛੱਡ ਦੇ
ਵੈਲੀਆ! ਤਗਾਦਾ-ਤੂੰ ਤਾਂ ਵੇਚ ਵੇਚ ਖਾ ਲਿਆ
ਤੇਰਿਆਂ ਸ਼ਰੀਕਾਂ ਨੇ ਚੁਬਾਰਾ ਨਵਾਂ ਪਾ ਲਿਆ
ਮੇਰੇ ਦਿਲ ਤੇ ਵਜਦੀ ਸੱਟ ਵੇ-ਤੂੰ ਪੀਣੀਂ ਛੱਡਦੇ।
ਲੀੜੇ-ਲੱਭੇ ਚੱਜ ਦੇ ਨਾ ਹਾੜਾਂ ਨਾ ਸਿਆਲਾਂ ਨੂੰ
ਕਿੱਦਾਂ ਮੈਂ ਸੰਭਾਲਾਂ ਇਹਨਾਂ ਨਿੱਕੇ ਨਿੱਕੇ ਬਾਲਾਂ ਨੂੰ
ਤੂੰ ਹੈ ਦੀਪਕਾ! ਖਾਣ ਦਾ ਲੱਟ ਵੇ-ਤੂੰ ਪੀਣੀਂ ਛੱਡ ਦੇ।
152/ਦੀਪਕ ਜੈਤੋਈ