ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਵਾਂ ਆਪਣੀਆਂ ਰੀਝਾਂ ਵਿੱਚ ਪੁੱਤਾਂ ਦੀ ਜੋੜੀ ਮੰਗਦੀਆਂ ਹਨ:

ਕਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ,
'ਕੱਲਾ ਨਾ ਹੋਵੇ ਪੁੱਤ ਜੱਟ ਦਾ।

ਖੇਤੀ ਤੇ ਲਾਮ ਜਿਹੇ ਕਿੱਤਿਆਂ ਕਾਰਣ ਬੀਰ-ਰਸੀ ਸਾਹਿਤ ਦੀ ਪ੍ਰਵਿਰਤੀ ਪ੍ਰਮੁੱਖ ਰਹੀ ਹੈ। ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਤੋਂ ਪਹਿਲਾਂ ਅਤੇ ਮੁਗਲ ਰਾਜ ਦੇ ਅੰਤਲੇ ਸਾਲਾਂ 'ਚ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ, ਪਰ ਸਿੱਖਾਂ ਨੇ ਕਦੇ ਈਨ ਨਾ ਮੰਨੀ ਤੇ ਹੱਸ-ਹੱਸ ਟਾਕਰਾ ਕਰਦੇ ਰਹੇ ਤੇ ਗਾਉਂਦੇ ਰਹੇ:

ਮੰਨੂ ਅਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ,
ਜਿਉਂ ਜਿਉਂ ਮੰਨੂ ਸਾਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ।17

ਇਹੋ ਜਿਹੇ ਸਾਹਿਤ ਕਾਰਨ ਹੀ ਪੰਜਾਬੀਆਂ ਅਣਖ ਪਾਲੀ ਤੇ ਕਿਹਾ:

ਦੋ ਦਿਨ ਘੱਟ ਜੀਊਣਾ,
ਜੀਊਣਾ ਮਟਕ ਦੇ ਨਾਲ।18

ਇਹੀ ਕਾਰਨ ਹੈ ਪੰਜਾਬੀ ਜੂਝ ਕੇ ਮਰਨ ਵਾਲਿਆਂ ਨੂੰ ਸਤਿਕਾਰ ਦਿੰਦੇ ਹਨ। ਬਾਬਾ ਭਗਤ ਸਿੰਘ, ਦੁੱਲਾ ਭੱਟੀ, ਜਿਊਣਾ ਮੋੜ ਜਿਹੇ ਨਾਬਰ ਜਾਂ ਬਾਗੀ ਇਹਨਾਂ ਦੇ ਨਾਇਕ ਹਨ।

"ਲੋਕ-ਸਾਹਿਤ ਸੱਭਿਆਚਾਰ ਦਾ ਇੱਕ ਕਲਾਤਮਕ ਪ੍ਰਗਟਾ-ਮਾਧਿਅਮ ਹੈ। ਸਭਿਆਚਾਰ ਕਿਸੇ ਵੀ ਮਾਨਵ-ਸਮੂਹ ਦਾ ਆਪਣੇ ਭੂਗੋਲਿਕ, ਪਦਾਰਥਕ ਅਤੇ ਇਤਿਹਾਸਕ ਅਧਾਰਾਂ ਉਤੇ ਉਸਰਿਆਂ ਜੀਵਨ-ਢੰਗ ਅਤੇ ਮੂਲ ਮਾਨਵੀ ਹੁੰਗਾਰਾ ਹੁੰਦਾ ਹੈ, ਜਿਹੜਾ ਉਸ ਸਮੂਹ ਦੀ ਨਿਖੜਵੀ ਤੇ ਮੌਲਿਕ ਹੋਂਦ ਦੇ ਨਾਲ ਨਾਲ ਸਮਾਸ ਅਤੇ ਵਿਆਪਕ ਹੋਂਦ ਨੂੰ ਵੀ ਸੁਨਿਘੀਮਤ ਕਰਦਾ ਹੈ। ਹਰੇਕ ਸਭਿਆਚਾਰ ਦੇ ਵਿਭਿੰਨ ਪੱਖ, ਅੰਗ, ਰੂਪ ਇਸਦੇ ਪ੍ਰਗਟਾ-ਮਾਧਿਅਮ ਹੁੰਦੇ ਹਨ। ਇਹ ਪ੍ਰਗਟਾ ਮਾਧਿਅਮ ਮੁੱਖ ਰੂਪ ਵਿੱਚ ਦੋ ਪ੍ਰਕਾਰ ਦੇ ਹਨ ਭਾਸ਼ਾਈ ਅਤੇ ਗੈਰ-ਭਾਸ਼ਾਈ। ਇਨ੍ਹਾਂ ਵਿੱਚੋਂ ਭਾਸ਼ਾਈ ਪ੍ਰਗਟਾਅ ਮਾਧਿਅਮ ਵਧੇਰੇ ਵਿਕਸਿਤ ਭਾਰੂ ਅਤੇ ਵਿਸ਼ਾਲ ਹੈ। ਲੋਕ ਸਾਹਿਤ ਅਤੇ ਸਾਹਿਤ ਸਮੇਤ ਅਨੇਕ ਸਭਿਅਚਾਰਕ ਸਿਰਜਣਾਵਾਂ ਦਾ ਪ੍ਰਗਟਾ ਮਾਧਿਅਮ ਭਾਸ਼ਾ ਹੀ ਹੈ।19

ਸਾਹਿਤ ਸੱਭਿਆਚਾਰ ਦੇ ਵਾਂਗ ਹੀ ਸਮੂਹਿਕ ਚਰਿੱਤਰ ਦਾ ਧਾਰਨੀ ਹੈ। ਸਾਹਿਤ ਅੰਦਰ ਹਰੇਕ ਖੁਸ਼ੀ ਭਰਪੂਰ, ਤ੍ਰਾਸਦਿਕ ਜਾਂ ਸੰਕਟ ਸਥਿਤੀ ਦਾ ਕਾਲਪਨਿਕ ਸੱਚ ਰੂਪਾਂਤਰਿਤ ਹੁੰਦਾ ਹੈ। ਸਾਹਿਤ ਦੇ ਅੰਦਰ ਸਮੁੱਚੇ ਮਾਨਵੀ ਪ੍ਰਸੰਗਾਂ ਅਤੇ ਨਿੱਜੀ ਸਰੋਕਾਰਾਂ ਨੂੰ ਵਿਸ਼ਾਲ ਸਭਿਆਚਾਰਕ ਪ੍ਰਸੰਗ ਵਿੱਚ ਉਸਾਰਿਆ ਅਤੇ ਸਵੀਕਾਰਿਆ ਜਾਂਦਾ ਹੈ।

38/ਦੀਪਕ ਜੈਤੋਈ