ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤ ਮੰਨਣ ਲੱਗ ਪਿਆ ਹੈ ਜਿਹਨਾਂ 'ਚ ਸੂਖਮ ਵਲਵਲਿਆਂ ਜਾਂ ਸੂਖਮ ਵਲਵਲਿਆਂ ਦੇ ਪ੍ਰਭਾਵਾਂ ਦਾ ਵਰਨਣ ਕੀਤਾ ਹੋਵੇ।4

ਹਰਬਰਟ ਹੀਡ ਦੇ 'ਸਨਾਤਨ ਅਰਥ' ਦਾ ਭਾਵ ਵਿਲੀਅਮ ਹੈਨਰੀ ਦੀ ਪਰਿਭਾਸ਼ਾ ਦਾ ਕੇਂਦਰ ਬਿੰਦੂ, ਵੀਨਾ ਵਰਗੇ ਕੋਮਲ ਸਾਜ਼ ਉਤੇ ਗਾਇਆ ਜਾਣਾ ਹੀ ਹੈ।

ਹਰੇਕ ਕੌਮ ਦਾ ਆਪਣਾ ਵੱਖਰਾ ਸਭਿਆਚਾਰ ਹੁੰਦਾ ਹੈ। ਉਸ ਸਭਿਆਚਾਰ ਦੇ ਅਨੁਸਾਰ ਉਸ ਅਧੀਨ ਜੀਉਂਦੇ ਮਨੁੱਖ ਦਾ ਰਹਿਣ-ਸਹਿਣ ਵਿਗਸਦਾ ਅਤੇ ਵਿਕਸਦਾ ਹੈ। ਹਰੇਕ ਸਭਿਆਚਾਰ ਦੇ ਨੈਣ-ਨਕਸ਼ ਉਸੇ ਗੀਤਾਂ ਵਿੱਚ ਬੱਝੇ ਹੁੰਦੇ ਹਨ, ਸਭ ਕੁਝ ਗੀਤਾਂ ਅੰਦਰ ਇੰਨ-ਬਿੰਨ ਚਿਤਰੇ ਮਿਲ ਜਾਂਦੇ ਹਨ। ਗੀਤ ਇੱਕ ਪ੍ਰਕਾਰ ਦਾ ਲਾਵਾ ਹੈ, ਜੋ ਕਵੀ-ਮਨ ਅੰਦਰੋਂ ਕਿਸੇ ਸਮੇਂ ਵੀ, ਕਿਤੇ ਵੀ ਫੁੱਟ ਸਕਦਾ ਹੈ ਤੇ ਸ਼ਬਦ ਗ੍ਰਹਿਣ ਕਰਦਾ ਹੈ। ਇਹ ਲਾਵਾ ਸੁਪਨੇ ਵਰਗਾ ਹੁੰਦਾ ਹੈ, ਜਿਸ ਦੇ ਬਿਆਨ ਲਈ ਜ਼ੁਬਾਨ ਦਾ ਸੰਜੋਗ ਚਾਹੀਦਾ ਹੈ। ਉਹੀ ਸੁਪਨਾ ਸ਼ਾਬਦਿਕ ਰੂਪ ਅਖਤਿਆਰ ਕਰਦਾ ਹੈ, ਜਿਸ ਨੂੰ ਲੇਖਕ ਦਾ ਪਾਠਕ ਮਨ ਪ੍ਰਵਾਨ ਕਰਦਾ ਹੈ। ਉਹੀ ਲੈਆਤਮਕ ਸ਼ਬਦ ਗੀਤ ਬਣਨ ਦਾ ਜ਼ੋਰਾ ਰੱਖਦੇ ਹਨ, ਜਿਹਨਾਂ ਵਿੱਚ ਸੰਚਾਰਾਤਮਕਤਾ ਦੀ ਰੁਚੀ ਪ੍ਰਬਲ ਹੁੰਦੀ ਹੈ, ਕਹਿਣ ਤੋਂ ਭਾਵ ਜਿਹੜੇ ਲੇਖਕ ਦੇ ਪਾਠਕ ਮਨ 'ਚੋਂ ਵਿਕਾਸ ਕਰਕੇ ਆਮ ਪਾਠਕ ਦੇ ਮਨ ਤੱਕ ਪੁੱਜਣ ਵਿੱਚ ਸਮੱਰਥ ਹੁੰਦੇ ਹਨ।

ਗੀਤ ਦਾ ਜਨਮ ਕਦੋਂ ਹੋਇਆ? ਸਹਿਤ ਅਚਾਰੀਆਂ ਨੇ ਇਸ ਦਾ ਜਵਾਬ 'ਵੇਦ' ਦਿੱਤਾ ਹੈ। ਵੇਦ-ਮੰਤੁ ਰਿਸ਼ੀ ਕਵੀਆਂ ਦੇ ਗੀਤ ਮੰਨੇ ਜਾਂਦੇ ਹਨ। ਅਨੁਮਾਨ ਮੁਤਾਬਿਕ ਇਹਨਾਂ ਰਿਸ਼ੀ-ਕਵੀਆਂ ਤੋਂ ਪਹਿਲਾਂ ਵੀ ਗੀਤ, ਲੋਕ ਗੀਤ ਮੌਜੂਦ ਹੋਣਗੇ ਤੇ ਇਹ ਗੀਤ ਕਵੀਆਂ ਦੇ ਮੌਲਿਕ ਹੋਣਗੇ। ਸੋ ਜੇਕਰ ਗੀਤ ਦੀ ਪਰੰਪਰਾ ਦਾ ਮੂਲ ਵੇਦਾਂ ਤੋਂ ਪਹਿਲਾਂ ਦੇ ਲੋਕ-ਸਾਹਿਤ ਨਾਲ ਜੋੜਿਆ ਜਾਵੇ ਤਾਂ ਵਧੇਰੇ ਉਚਿੱਤ ਹੋਵੇਗਾ, ਕਾਰਨ? ਕਾਰਨ ਇਹ ਹੈ ਕਿ ਉਸ ਸਮੇਂ ਦੇ ਮਨੁੱਖ ਨੇ ਖੁਦ ਨੂੰ ਅਭਿਵਿਅਕਤ ਕਰਨ ਦੇ ਢੰਗ ਲੱਭ ਲਏ ਸਨ। ਵੱਖਰੀਆਂ-ਵੱਖਰੀਆਂ ਧੁਨੀਆਂ ਰਾਹੀਂ ਉਹ ਆਪਣੇ ਮੂਲ-ਭਾਵਾਂ ਨੂੰ ਅਭਿਵਿਅਕਤ ਕਰਨ ਲੱਗ ਪਿਆ ਸੀ। ਜਿਉਂ-ਜਿਉਂ ਮਨੁੱਖ ਤੇ ਸਮਾਜ ਵਿਕਾਸ ਕਰਦਾ ਗਿਆ, ਤਿਉਂ-ਤਿਉਂ ਪ੍ਰਗਟਾਅ ਢੰਗ ਵਿੱਚ ਵੀ ਬਦਲਾਅ ਤੇ ਵਾਧਾ ਆਉਂਦਾ ਗਿਆ। ਹਾਸਾ ਤੇ ਹੰਝੂ ਗੂੜੇ ਮਿੱਤਰ ਬਣ ਗਏ। ਇਹਨਾਂ ਦੀ ਅਭਿਵਿਅਕਤੀ ਲਈ ਉਸ ਨੇ ਇਹ ਰਸਤਾ ਚੁਣਿਆ ਅਤੇ ਮਾਨਸਿਕ ਰੂਪ ਵਿੱਚ ਖੁਦ ਨੂੰ ਤਰੋ-ਤਾਜ਼ਾ ਮਹਿਸੂਸ ਕਰਦੇ ਰਹਿਣ ਲਈ ਸਾਹਿਤ ਰਚਨਾ ਅਤੇ ਸਮੂਹ - ਗਾਇਨ ਸ਼ੁਰੂ ਕਰ ਦਿੱਤਾ।

ਮਨੋਵਿਗਿਆਨਕ ਦ੍ਰਿਸ਼ਟੀ ਤੋਂ ਗੀਤ ਦੀ ਪੈਦਾਇਸ਼ ਉਦੋਂ ਹੋਈ ਜਦੋਂ ਮਨੁੱਖ ਆਪਣੇ ਭਾਵਾਂ ਨੂੰ ਆਪਣੇ ਵਸ ਵਿੱਚ ਰੱਖਣ ਵਿੱਚ ਅਸਫਲ ਹੋਣ ਲੱਗਾ। ਅਸਲ ਵਿੱਚ ਗੀਤ ਦੀ ਪੈਦਾਇਸ਼ ਤਾਂ ਉਦੋਂ ਹੀ ਹੋ ਗਈ ਸੀ ਜਦੋਂ ਮਨੁੱਖੀ ਮਨ ਦੀ ਪੈਦਾਇਸ਼ ਹੋਈ ਸੀ। ਇਸ ਲਈ ਦੂਜੇ ਸ਼ਬਦਾਂ ਵਿੱਚ ਗੀਤ ਦੀ ਉਮਰ ਮਨੁੱਖੀ ਮਨ ਦੀ ਉਮਰ ਜਿੰਨੀ ਹੈ। ਸ਼ਬਦਾਂ ਨੂੰ ਇਸ ਪ੍ਰਕਾਰ ਘੜਨਾ ਕਿ ਪੜ੍ਹਨ ਵਾਲੇ ਤੇ ਸੁਣਨ ਵਾਲੇ ਦੇ ਸਾਹਵੇਂ

41/ਦੀਪਕ ਜੈਤੋਈ