ਪੰਨਾ:ਦੀਵਾ ਬਲਦਾ ਰਿਹਾ.pdf/102

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹੈ? ਸਤੀਸ਼ ਦੀ ਸਿਹਤ ਤੇ ਵੀ ਕਦੇ ਸਾਰਾ ਕਾਲਜ ਰਸ਼ਕ ਕਰਦਾ ਹੁੰਦਾ ਸੀ, ਪਰ ਇਨ੍ਹਾਂ ਪੰਜਾਂ ਸਾਲਾਂ ਦੀ ਦਿਨ-ਰਾਤ ਦੀ ਮਿਹਨਤ, ਸਰੀਰ ਵਲੋਂ ਲਾ-ਪਰਵਾਹੀ ਅਤੇ ਬੇ-ਅਰਾਮੀ ਦਾ ਸਿੱਟਾ -ਅੱਜ ਉਹ ਇਸ ਹਾਲਤ ਤੇ ਆ ਪੁੱਜਾ ਹੈ। ਜੇ ਕਦੀ ਸ਼ੁਰੂ ਵਿਚ ਹੀ ਉਹ ਆਪਣੀ ਬੀਮਾਰੀ ਵਲ ਧਿਆਨ ਦੇਂਦਾ, ਤਾਂ ਗੱਲ ਕਦੇ ਇੱਥੇ ਤਕ ਨਾ ਪੁਜਦੀ - ਪਰ ਫਿਰ ਪਾਰਟੀ ਦਾ ਕੀ ਬਣਦਾ ? ਕੌਣ ਪਿੰਡ ਪਿੰਡ ਤੇ ਘਰ ਘਰ ਫਿਰ ਕੇ ਚੰਦੇ ਉਗਰਾਹੁੰਦਾ ? ਕੌਣ ਅਨਪੜ੍ਹ ਪੇਂਡੂਆਂ ਦੇ ਦਿਮਾਗ਼ ਨੂੰ, ਜਿਨ੍ਹਾਂ ਦੀ ਦੁਨੀਆਂ ਹਲ, ਪੰਜਾਲੀ ਅਤੇ ਖੇਤਾਂ ਤਕ ਹੀ ਸੀਮਤ ਹੈ, ਵਿਦਿਆ ਰਾਹੀਂ ਬਾਹਰਲੀ ਰੌਸ਼ਨੀ ਦੇਂਦਾ ?’ ........... ਤੇ ਹੋਰ ਪਤਾ ਨਹੀਂ ਕਿੰਨਾ ਕੁਝ ਉਹ ਸੋਚੀ ਗਈ। ਅੱਜ ਵਰਗੀ ਮਾਨਸਿਕ ਖਿੱਚੋਤਾਣ ਦਾ ਸ਼ਿਕਾਰ ਉਹ ਅੱਗੇ ਕਦੇ ਨਹੀਂ ਸੀ ਹੋਈ। ਜਿਹੜੀ ਦੁਆਈ, ਖ਼ੁਰਾਕ ਜਾਂ ਪਰਹੇਜ਼ ਉਸ ਨੂੰ ਕੋਈ ਦਸਦਾ ਉਹ ਹਰ ਹੀਲੇ ਉਸ ਨੂੰ ਪੂਰਿਆਂ ਕਰਨ ਦਾ ਜਤਨ ਕਰਦੀ। ਉਸ ਦਾ ਫਿਰ ਇਕ ਹਾਉਕਾ ਨਿਕਲ ਗਿਆ, ‘ਕਾਸ਼ ! ਕੋਈ ਐਸੀ, ਸੰਜੀਵਨੀ ਬੂਟੀ ਹੋਵੇ, ਜਿਸ ਨਾਲ ਮੇਰਾ ਸਤੀਸ਼ ਰਾਜ਼ੀ ਹੋ ਜਾਵੇ।’ ......... ਤੇ ਪਤਾ ਨਹੀਂ ਕਿਸੇ ਵੇਲੇ ਉਹ ਸਤੀਸ਼ ਦੀ ਮੰਜੀ ਤੋਂ ਉਠ ਕੇ ਰਸੋਈ ਵਲ ਤੁਰ ਪਈ।

ਲਾਗਲੇ ਮੰਦਰ ਦੇ ਘੜਿਆਲ ਨੇ ਬਾਰਾਂ ਖੜਕਾਏ। ਸਤੀਸ਼ ਦੀ ਅੱਖ ਖੁਲ੍ਹ ਗਈ। ਸ਼ਾਂਤਾ ਦਾ ਮੰਜਾ ਖ਼ਾਲੀ ਵੇਖ ਕੇ ਉਹ ਹੈਰਾਨ ਜਿਹਾ ਹੋਇਆ। ਉਸ ਨੇ ਇਧਰ ਉਧਰ ਚਾਰੇ ਪਾਸੇ ਵੇਖਿਆ। ਪਿਛਲੇ ਕਮਰੇ ਵਿਚੋਂ ਆ ਰਹੀ ਰੌਸ਼ਨੀ ਨੇ ਉਸ ਨੂੰ ਹੋਰ ਵੀ ਹੈਰਾਨ ਕਰ ਦਿੱਤਾ। ਉਸ ਵੇਖਿਆ ਕਿ ਉੱਥੇ ਇਕ ਦੀਵਾ ਜੱਗ ਰਿਹਾ ਸੀ ਤੇ ਸ਼ਾਤਾ ਗਲ ਵਿਚ ਪੱਲੂ ਪਾਈ ਅਰਦਾਸ ਕਰ ਰਹੀ ਸੀ।

੧੦੨

ਪੀਰ ਦੀ ਕਬਰ ਤੇ