ਪੰਨਾ:ਦੁਖੀ ਜਵਾਨੀਆਂ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

27

ਪਗਲਾ

ਇਕ ਜੀਵ ਪੁਜਾਰੀ ਦੇ ਆਪਣੇ ਘਰ ਵਿਚੋਂ ਵੀ ਪਗਲੇ ਦਾ ਨਾਚ ਦੇਖ ਰਿਹਾ ਸੀ। ਇਹ ਪੁਜਾਰੀ ਦੀ ਲੜਕੀ 'ਤਾਰਾ' ਸੀ। ਜਦ ਸਾਰੇ ਪਗਲੇ ਦਾ ਨਾਚ ਵੇਖ ਵੇਖ ਕੇ ਹੱਸ ਰਹੇ ਸਨ ਤਾਂ ਤਾਰਾ ਦੀਆਂ ਦੋਹਾਂ ਅਖੀਆਂ ਵਿਚੋਂ ਛਮ ਛਮ ਹੰਝੂ ਕਿਰ ਰਹੇ ਸਨ। ਓਹ ਵਿਧਵਾ ਸੀ। ਅਵਸਥਾ ਕੋਈ ਵੀਹ ਬਾਈ ਸਾਲ ਹੋਵੇਗੀ। ਜੋਬਨ ਦਾ ਖਜ਼ਾਨਾ ਅਤੁਟ ਸੀ, ਉਸ ਕੌਲ ਪੁਰ ਸੁੰਦ੍ਰਤਾ ਉਤੇ ਸਾਦੀ ਰੰਗਤ ਚੜੀ ਹੋਈ ਸੀ- ਤੇਜ਼ੀ ਨਹੀਂ ਸੀ, ਚੰਚਲਤਾ ਨਹੀਂ ਸੀ। ਘਰ ਤੇ ਮੰਦਰ ਤੋਂ ਬਾਹਰ ਉਹ ਕਦੀ ਕਿਤੇ ਨਹੀਂ ਜਾਂਦੀ। ਬਾਹਰ ਦੇ ਕਿਸੇ ਪ੍ਰਾਣੀ ਨਾਲ ਵੀ ਉਸ ਦਾ ਮੇਲ ਜੋਲ ਨਹੀਂ ਰਿਹਾ ਸੀ ਹੁਣ। ਉਸ ਦੇ ਬਾਕੀ ਜੀਵਨ ਦਾ ਕ੍ਰਤੱਵਯ ਕੇਵਲ ਇਹ ਸੀ ਕਿ ਸ਼ਿਵਜੀ ਅਰ ਪਿਤਾ ਜੀ ਦੀ ਸੇਵਾ ਕਰਨਾ।

ਇਕ ਭਾਰ ਹੋਰ ਸੀ ਉਸ ਉਤੇ-ਉਹ ਸੀ ਇਹ ਪਗਲਾ। ਪ੍ਰਗਟ ਜਾਂ ਲੁਕਵਾਂ ਉਹ ਪਗਲੇ ਨੂੰ ਖਾਣ ਨੂੰ ਦੇਂਦੀ। ਅਤੇ ਜਿਵੇਂ ਕਿਵੇਂ ਹੋ ਸਕਦਾ, ਉਹ ਉਸ ਦੀ ਸੇਵਾ ਕਰਕੇ, ਉਸ ਦੇ ਨਿਸ਼ੰਗ, ਦੁਖੀ ਜੀਵਨ ਦਾ ਦੁਖ ਦੂਰ ਕਰਨ ਦਾ ਯਤਨ ਕਰਦੀ।

ਪਗਲੇ ਵਾਸਤੇ ਉਸ ਦੇ ਦੁੱਖ ਅਤੇ ਚਿੰਤਾ ਦਾ ਅੰਤ ਨਹੀਂ ਸੀ। ਠੰਡੀਆਂ ਰਾਤਾਂ ਵਿਚ ਉਹ ਬਿਸਤਰੇ ਤੇ ਪਈ ਹੋਈ ਸੋਚਦੀ, 'ਪਗਲਾ ਏਸ ਵੇਲੇ ਕੱਲਾ, ਐਨੀ ਠੰਢ ਵਿਚ ਬੋਹੜ ਦੇ ਥਲੇ, ਧਰਤੀ ਉਤੇ ਪਿਆ, ਠਰੂ ਠਰੂ ਕਰ ਰਿਹਾ ਹੋਵੇਗਾ।' ਇਸੇ ਸੋਚ ਦੇ ਨਾਲ ਹੀ ਉਸ ਦਾ ਚੈਨ ਆਰਾਮ ਨਸ਼ਟ ਹੋ ਜਾਂਦਾ। ਮੁੜ ਨੀਂਦ ਨਾ ਪੈਂਦੀ। ਚੋਰੀ ਚੋਰੀ,