ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਸਾਰੀ ਆਖ ਸੁਣਾਈ। ਬੁੱਢੀ ਮਾਈ ਛਾਤੀ ਕੁੱਟ ਕੁੱਟ ਕੇ ਰੋਣ ਲੱਗੀ, ਉਸ ਨੂੰ ਅਜੇਹਾ ਕਰਦਾ ਵੇਖ ਪੋਤਾ ਦੌੜ ਕੇ ਉਸ ਨੂੰ ਜਾ ਚੰਬੜਿਆ। ਉਸ ਨੇ ਰੋਂਦਿਆਂ ਰੋਂਦਿਆਂ ਕਿਹਾ:-

"ਅੰਮਾਂ! ਤੂੰ ਕਿਉਂ ਰੋਂਦੀ ਹੈ? ਜੋ ਕੁਝ ਵਾਹਿਗੁਰੂ ਨੂੰ ਭਾਉਂਦਾ ਹੈ, ਉਹੋ ਕੁਝ ਉਹ ਕਰਦਾ ਹੈ। ਭਲਾ ਇਹ ਤਾਂ ਵੇਖ ਕਿ ਅਸੀਂ ਉਸ ਰਾਖਸ਼ਾਂ ਦੀ ਗੁਫਾ ਨਾਲੋਂ ਤਾਂ ਚੰਗੀ ਥਾਂ ਵਿਚ ਬੈਠੇ ਹਾਂ। ਜੇਕਰ ਮੇਰੇ ਬਾਪੂ ਹੁਰੀਂ ਅਤੇ ਮੇਰੀ ਮਾਂ ਜੀਉਂਦੇ ਹਨ ਤਾਂ ਇੱਕ ਵਾਰੀ ਜ਼ਰੂਰ ਸਾਨੂੰ ਫੇਰ ਮਿਲਣਗੇ।"

ਪੋਤਰੋ ਦਾ ਆਖਾ ਮੰਨ ਕੇ ਦਾਦੀ ਨੇ ਰੋਣਾ ਬੰਦ ਕੀਤਾ। ਅੱਖਾਂ ਪੂੰਝ ਕੇ ਫ਼ਕੀਰ ਪਾਸੋਂ ਪੁੱਤ ਅਤੇ ਨੂੰਹ ਦੀਆਂ ਗੱਲਾਂ ਪੁੱਛਣ ਲੱਗੀ। ਫ਼ਕੀਰ ਨੇ ਦੋਹਾਂ ਨੂੰ ਧੀਰਜ ਦਿਲਾਸਾ ਦੇ ਕੇ ਅਤੇ ਇਧਰ ਓਧਰ ਦੀਆਂ ਗੱਲਾਂ ਵਿੱਚ ਉਨਾਂ ਦਾ ਮਨ ਪਰਚਾ ਕੇ ਛੇਕੜ ਮਾਈ ਪਾਸੋਂ ਪੁੱਛਿਆ:-

"ਕਿਉਂ ਮਾਈ ਜੀ! ਤੁਸੀਂ ਆਪਣੇ ਕਾਕੇ ਦੇ ਪੜ੍ਹਨ ਲਿਖਣ ਦਾ ਵੀ ਕੁਝ ਇੰਤਜ਼ਾਮ ਕੀਤਾ ਹੈ ਕਿ ਨਹੀਂ ?"

"ਪੁੱਤ ਕੀ ਪੁਛਦਾ ਹੈ? ਇਹ ਜਿੰਨਾਂ ਚਿਰ ਘਰ ਵਿੱਚ ਰਹਿੰਦਾ ਹੈ ਓਨਾਂ ਚਿਰ ਇਸ ਦਾ ਰੋਣ ਵਿੱਚ ਹੀ ਬੀਤਦਾ ਹੈ, ਜਦ ਬਾਹਰ ਨਿਕਲ ਜਾਂਦਾ ਹੈ ਤਾਂ ਮੇਰੇ ਸੱਦ ਰਹਿਣ ਪਰ ਭੀ ਨਹੀਂ ਆਉਂਦਾ। ਸਾਰਾ ਦਿਨ ਮੁੰਡਿਆਂ ਵਿੱਚ ਊਧਮ ਮਚਾਈ ਰੱਖਦਾ ਹੈ। ਸਕੂਲ ਵਿਚ ਜਾਣਾ ਤਾਂ ਕਿਧਰੇ ਰਿਹਾ, ਘਰ ਵਿਚ ਪੋਥੀ ਨੂੰ ਪਰਤ ਕੇ ਨਹੀਂ ਵੇਖਦਾ। ਪੜ੍ਹਨ ਲਿਖਣ ਨੂੰ ਹੋਰ ਪਾਸੇ ਰੱਖ, ਇਹ ਕਿਸੇ ਦਾ ਉਲਾਂਭਾ ਲੜਾਈ ਘਰ ਵਿਚ ਲੈ ਕੇ ਨਾ ਆਵੇ, ਮੈਂ ਇਹੋ, ਸ਼ੁਕਰ ਕਰਦੀ ਹਾਂ। ਕੱਲ੍ਹ ਇਸ ਨੇ ਰਾਮ ਲਾਲ ਦੇ ਪੁੱਤ ਦਾ ਸਿਰ ਭੰਨ ਸੁੱਟਿਆ ਸੀ ਅਤੇ ਉਸ ਦੀ ਮਾਂ ਉਲਾਂਭਾ ਲੈ ਕੇ ਮੇਰੇ ਪਾਸ ਆਈ ਅਤੇ ਲੜਨ ਲੱਗੀ। ਮੈਂ ਉਸ ਦੇ ਅੱਗੇ ਬੇਨੜੀਆਂ ਕਰਕੇ ਮਸਾਂ ਉਸ ਪਾਸੋਂ ਆਪਣਾ ਪਿੱਛਾ ਛੁਡਾਇਆ ਅਤੇ ਉਸ ਨੂੰ ਮਨਾਇਆ ਹੈ। ਮੈਂ ਕੀ ਕਰਾਂ? ਇਹ ਹੁਣ ਮਾਂ ਪਿਓ ਬਿਨਾਂ ਮਹਿੱਟਰ ਹੋ ਗਿਆ ਹੈ। ਮੈਂ ਕੁਝ ਆਖਦੀ ਹਾਂ ਤਾਂ ਝੱਟ ਰੋ ਪੈਂਦਾ ਹੈ। ਪੁੱਤ ਵੇ! ਮੈਂ ਇਸੇ ਕਰਕੇ ਇਸ ਨੂੰ ਕੁਝ ਆਖਣਾ ਸੁਨਣਾ ਛੱਡ ਦਿੱਤਾ ਹੈ। ਮੇਰੇ ਜੇਕਰ ਭਾਗ ਚੰਗੇ ਹੁੰਦੇ ਤਾਂ ਮੇਰੇ ਪੁੱਤ ਧੀਆ ਕਿਉਂ ਚਲੇ ਜਾਂਦੇ? ਭਾਵੇਂ

85