ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਜ਼ ਵਣਜਾਰਾ ਕਿਤੇ ਸਾਨੂੰ ਚਾਰ ਜਾਵੇ ਨਾ
ਵੇਖਿਓ ਮਸ਼ੀਨ ਕੋਲੋਂ ਹੱਥ ਹਾਰ ਜਾਵੇ ਨਾ

ਚਲੋ! ਤੁਰੋ ਆਓ! ਲਾਈਏ ਅੰਬਰੀਂ ਉਡਾਰੀਆਂ
ਧਰਤੀ ਆਕਾਸ਼ ਨੂੰ ਨਾ ਹੁੰਦੇ ਬੂਹੇ ਬਾਰੀਆਂ(ਰੰਗ ਹੀ ਤਾਂ ਬੋਲਦੇ ਨੇ)

ਇਬਾਰਤ ਰਲਗੱਡ ਹੋ ਚੱਲੀ ਹੈ
ਸ਼ਹਿਦ ਵਿਚ ਰਲ਼ੀ ਰੇਤ ਦੇ ਕਣਾਂ ਵਾਂਗ
ਦੰਦਾਂ ਹੇਠ ਕਿਰਚ ਕਿਰਚ ਹੁੰਦਾ ਹੈ
ਨਾ ਖਾਣ ਜੋਗੇ ਹਾਂ ਨਾ ਥੁੱਕਣ ਜੋਗੇ(ਤੇਤੀ ਕਰੋੜ ਦੇਵਤੇ)

ਬੋਲਦੇ ਸਾਰੇ ਨੇ ਏਥੇ ਪਰ ਜਾਗਦਾ ਕੋਈ ਨਹੀਂ
ਸਫ਼ਰ ਵਿਚ ਹਾਂ ਆਖਦੇ ਨੇ ਤੁਰ ਰਿਹਾ ਕੋਈ ਨਹੀਂ(ਸ਼ਹੀਦ ਬੋਲਦਾ ਹੈ)

ਮੇਰੇ ਕੋਲ ਰੁਮਾਲ ਨਾ ਕੋਈ,
ਕਿਸੇ ਮੁਹੱਬਤੀ ਰੂਹ ਦਾ ਦਿੱਤਾ
ਜਿਸ ਨੂੰ ਅੱਖੀਆਂ ਉੱਤੇ ਧਰਕੇ
ਵਹਿੰਦੇ ਅੱਥਰੂ ਰੁਕ ਜਾਂਦੇ ਨੇ
ਜਿਸ ਵਿਚ ਨਦੀਆਂ, ਦਰਿਆ, ਸਾਗਰ ਸੁੱਕ ਜਾਂਦੇ ਨੇ।(ਚੀਸ ਪ੍ਰਾਹੁਣੀ)

ਗੀਤ ਦਾ ਪੰਜਾਬੀ ਬੰਦੇ ਜਾਂ ਪੰਜਾਬੀ ਸੱਭਿਆਚਾਰ ਨਾਲ ਆਦਿਕਾਲੀ ਅਨਿੱਖੜਵਾਂ ਸਬੰਧ ਹੈ। ਪੰਜਾਬੀ ਬੰਦੇ ਦਾ ਧਰਤੀ 'ਤੇ ਆਉਣ ਵੇਲੇ ਗੀਤਾਂ ਨਾਲ ਸਵਾਗਤ ਹੁੰਦਾ ਹੈ ਅਤੇ ਵਿਦਾਇਗੀ ਵੀ ਗੀਤਾਂ ਨਾਲ ਹੀ ਹੁੰਦੀ ਹੈ। ਜੀਵਨ ਭਰ ਸਾਰੀਆਂ ਰਸਮਾਂ ਗੀਤਾਂ ਨਾਲ ਨੇਪਰੇ ਚੜ੍ਹਦੀਆਂ ਹਨ। ਪਹਿਲਾਂ ਤਾਂ ਸਾਰੇ ਕੰਮ ਧੰਦੇ ਵੀ ਗੀਤ ਗਾਉਂਦਿਆਂ ਕੀਤੇ ਜਾਂਦੇ ਸਨ। ਇਸ ਤਰ੍ਹਾਂ ਪੰਜਾਬੀ ਚਿੱਤ ਜਾਂ ਅਵਚੇਤਨ ਵਿਚ ਗੀਤਾਂ ਦਾ ਪੱਕਾ ਵਸੇਬਾ ਹੈ। ਦੂਜੇ ਸ਼ਬਦਾਂ ਵਿਚ ਪ੍ਰਗੀਤ ਪੰਜਾਬੀ ਮਨ ਦੇ ਡੀ. ਐਨ. ਏ. ਦਾ ਸਥਾਈ ਅੰਗ ਬਣਿਆਂ ਹੋਇਆ ਹੈ। ਪ੍ਰਗੀਤ ਰੁਚੀ ਦੀ ਪ੍ਰਬਲਤਾ ਕਾਰਨ ਗੀਤ, ਗ਼ਜ਼ਲ ਅਤੇ ਰੁਬਾਈ ਗੁਰਭਜਨ ਗਿੱਲ ਦੇ ਮਨ ਭਾਉਂਦੇ ਕਾਵਿ ਰੂਪ ਹਨ। ਆਜ਼ਾਦ ਨਜ਼ਮ ਜਾਂ ਖੁੱਲੀ ਕਵਿਤਾ ਲਿਖਣ ਵੇਲੇ ਵੀ ਉਹਨਾਂ ਦੀ ਗੀਤ ਰੁਚੀ ਰੱਸੇ ਤੁੜਾ ਕੇ ਇਸ ਵਿਚ ਆ ਦਾਖਲ ਹੁੰਦੀ ਹੈ। ਸਤਰਾਂ ਦੇ ਤੁਕਾਂਤ ਮਿਲਣ ਲਈ ਬਿਹਬਲ ਰਹਿੰਦੇ ਹਨ। ਇੰਜ ਉਹਨਾਂ ਦੀ ਖੁੱਲ੍ਹੀ ਕਵਿਤਾ ਵੀ ਪੰਜਾਬੀ ਪਾਠਕ ਨੂੰ ਰਸੀਲੀ ਹੋ ਕੇ ਆਕਰਸ਼ਿਤ ਕਰਦੀ ਹੈ:

ਧਰਤੀ ਨਾਦ/ 11