ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਹੁਤ ਉਦਾਸ ਸੀ ਰਾਤ

ਬਹੁਤ ਉਦਾਸ ਸੀ ਰਾਤ।
ਨਿੰਮੋਝੂਣ ਸਵੇਰ।
ਦੁਪਹਿਰਾਂ ਵੀ ਐਵੇਂ ਬੀਮਾਰ ਜਹੀਆਂ।
ਤੇ ਸ਼ਾਮਾਂ ਵੀ ਰੁੱਸੇ ਹੋਏ ਬਾਲ ਵਾਂਗ,
ਰੀਂ ਰੀਂ ਕਰਦੀਆਂ।
ਇਹ ਸਭ ਕੁਝ ਤੇਰੀ ਗ਼ੈਰ ਹਾਜ਼ਰੀ ਦਾ ਨਜ਼ਾਰਾ ਹੈ।

ਕਈ ਵਰ੍ਹਿਆਂ ਬਾਅਦ,
ਚਲੋ! ਸੁਪਨੇ ਵਿਚ ਹੀ ਸਹੀ,
ਤੂੰ ਫੇਰ ਮਿਲੀ ਹੈਂ।
ਓਹੀ ਸੂਰਜ ਮੇਰੇ ਨਾਲ ਗੁਫ਼ਤਗੂ ਕਰ ਰਿਹਾ ਹੈ।
ਧਰਤੀ ਦਾ ਸਮੂਲਚਾ ਵਣ-ਤ੍ਰਿਣ,
ਮੇਰੇ ਸਾਹਾਂ ਦੀ ਸਰਗਮ ਵਿਚ ਸ਼ਾਮਲ ਹੈ।

ਤੇਰੀ ਆਵਾਜ਼ ਨੂੰ ਸਹਿਕਦੇ ਕੰਨ,
ਹੁਣ ਫਿਰ ਰਵਾਂ ਹੋ ਗਏ ਨੇ।
ਤੇ ਪਥਰਾਏ ਹੋਠਾਂ ਨੂੰ ਹਰਕਤ ਮਿਲੀ ਹੈ,
ਅਹੱਲਿਆ ਨੂੰ ਮਿਲੀ ਰਾਮ ਦੀ ਛੋਹ ਵਾਂਗ,
ਮੈਂ ਫਿਰ ਜਿਉਂਦਾ ਹੋ ਗਿਆ ਹਾਂ।

ਧਰਤੀ ਨਾਦ/ 34