ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੱਥ ਪਾਈਏ ਇਹੋ ਜਹੇ ਅਵਾਰਾ ਹੋਏ ਟੋਲੇ ਨੂੰ।
ਬਹੁਤਾ ਹੀ ਖਿਲਾਰੀ ਜਾਂਦੇ ਰੰਗ ਬੜਬੋਲੇ ਨੂੰ।
ਲਿੱਬੜੀ ਦੀਵਾਰ ਵੇਖੋ ਰੰਗ ਪਾਉਂਦਾ ਸ਼ੋਰ ਹੈ।
ਰੰਗ ਦਾ ਸਲੀਕਾ ਤਾਂ ਰਕਾਨ ਵਾਲੀ ਤੋਰ ਹੈ।

ਵੇਖੋ ਵਣਜਾਰੇ ਚਾਲਾਂ ਨਵੀਆਂ ਚਲਾ ਰਹੇ।
ਆਖਦੇ ਸੁਮੇਲ ਰੰਗ ਰੰਗਾਂ 'ਚ ਮਿਲਾ ਰਹੇ।
ਨਵੇਂ ਨਵੇਂ ਨਾਮ ਲੈ ਕੇ ਮੰਡੀ ਵਿਚ ਆ ਰਹੇ।
ਰੀਝਾਂ ਦੇ ਬਹਾਨੇ ਸਾਡੀ ਜੇਬ ਹੱਥ ਪਾ ਰਹੇ।

ਮਨਾਂ ਵਿਚੋਂ ਕੱਢ ਦਿਓ ਡਾਢਿਆਂ ਦੇ ਰੋਅਬ ਨੂੰ।
ਇਕੋ ਰੰਗ ਰੰਗਣਾ ਜੋ ਚਾਹੁੰਦੇ ਨੇ ਗਲੋਬ ਨੂੰ।
ਵੇਚ ਕੇ ਬਾਜ਼ਾਰੀ ਧਾਗੇ ਕਰਨਗੇ ਖੱਟੀਆਂ।
ਕਿਤੇ ਮੇਰੀ ਭੈਣ ਘਰੇ ਰੰਗ ਲਏ ਨਾ ਅੱਟੀਆਂ।

ਇਕੋ ਡੋਬੇ ਵਿਚ ਚਾਹੁੰਦੇ ਚਾਅ ਸਾਡੇ ਰੰਗਣਾ।
ਚੂੜੀਆਂ ਬਲੌਰੀ ਹੋਕਾ ਪਿੰਡ 'ਚੋਂ ਨਹੀਂ ਲੰਘਣਾ।
ਕੱਪੜੇ ਮਸ਼ੀਨੀ ਉੱਤੇ ਫੁੱਲ ਵੀ ਮਸ਼ੀਨ ਦੇ।
ਸੁਣੂ ਤੇ ਸੁਣਾਊ ਕੌਣ ਦੁੱਖੜੇ ਜ਼ਮੀਨ ਦੇ।

ਰੰਗਾਂ ਨੂੰ ਸੰਭਾਲਣਾ ਵੀ ਸਾਡੀ ਜ਼ਿੰਮੇਵਾਰੀ ਏ।
ਇਨ੍ਹਾਂ ਹੀ ਬਚਾਉਣੀ ਸਾਡੇ ਖੰਭਾਂ ਦੀ ਉਡਾਰੀ ਏ।

ਰੰਗਾਂ ਦਿਓ ਵਾਰਸੋ ਤੇ ਧਰਤੀ ਦੇ ਪੁੱਤਰੋ।
ਸਮੇਂ ਦੀ ਵੰਗਾਰ ਨੂੰ ਪਛਾਣੋ ਹੇਠਾਂ ਉੱਤਰੋ।
ਤੇਜ਼ ਵਣਜਾਰਾ ਕਿਤੇ ਸਾਨੂੰ ਚਾਰ ਜਾਵੇ ਨਾ।
ਵੇਖਿਓ ਮਸ਼ੀਨ ਕੋਲੋਂ ਹੱਥ ਹਾਰ ਜਾਵੇ ਨਾ।

ਪੈਸੇ ਦੀਆਂ ਪੀਰ ਨੇ, ਹਕੂਮਤਾਂ ਨਿਲੱਜੀਆਂ।
ਖਾ ਖਾ ਮੁਰਦਾਰ ਅਜੇ ਨੀਤਾਂ ਨਹੀਂਓਂ ਰੱਜੀਆਂ।

ਧਰਤੀ ਨਾਦ/ 41