ਪੰਨਾ:ਨਵਾਂ ਮਾਸਟਰ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਰੇ ਪੰਡਾਲ ਵਿਚ ਦਸਤਖ਼ਤਾਂ ਵਾਸਤੇ ਵਡੇ ਵਡੇ ਕਾਗਜ਼ ਫੇਰੇ ਗਏ, ਜਿਨ੍ਹਾਂ ਦੀ ਇਕ ਵੱਡੀ ਸਾਰੀ ਥਹੀ ਬਣ ਗਈ।
'ਸਭ ਤੋਂ ਮਜ਼ੇਦਾਰ ਚੀਜ਼ ਉਥੇ ਇਕ ਲੋਕ-ਗੀਤ ਡਰਾਮਾ ਖੇਡਿਆ ਗਿਆ। ਨਾਟਕ ਦੇ ਸ਼ੁਰੂ ਸੀਨ ਵਿਚ ਉਹੋ ਤੇਰਾ ਪੁਰਾਣਾ ਅਨਾਨੀਮਸ ਦਾ ਬੈਲਿਡ, 'ਭਰਤੀ ਹੋ ਜਾਉ ਜੀ’ ਗਾਉਂਦੇ ਹੋਏ ਪਿੰਡੋਂ ਬਾਹਰ ਕਿਕਰਾਂ ਥੱਲੇ ਰੈਕਰੂਟਿੰਗ ਆਫੀਸਰ ਤੇ ਹੋਰ ਸਿਪਾਹੀ ਦਸੇ ਗਏ। ਪਿੰਡ ਦੇ ਸੋਹਣੇ ਬਾਂਕੇ ਜਵਾਨ ਖੁਸ਼ੀ ਖੁਸ਼ੀ ਹਿੱਕਾਂ ਕਢੀ ਆਉਂਦੇ ਸਨ, ਆਫ਼ੀਸਰ ਉਨਾਂ ਨੂੰ ਡੌਲ੍ਹਿਓਂ ਫੜ ਕੇ ਟੋਂਹਦਾ, ਹਿੱਕਾਂ ਫਰੋਲਦਾ ਤੇ ਕੱਦ ਮਿਣ ਕੇ ਆਪਣੀ ਕਿਤਾਬ ਵਿਚ ਨਾਵੇਂ ਲਿਖੀ ਜਾਂਦਾ ਸੀ। ਜਵਾਨ ਸਭ ਭਰਤੀ ਹੋ ਜਾਂਦੇ ਹਨ, ਪਿੰਡ ਵਿਚ ਪਿਛੇ ਬੱਚੇ, ਬੁਢੇ ਤੇ ਜ਼ਨਾਨੀਆਂ ਰਹਿ ਜਾਂਦੀਆਂ ਹਨ। ਵਾਹੀ ਕਰਨੀ ਔਖੀ ਹੋ ਜਾਂਦੀ ਹੈ। ਮੀਂਹ ਪੈਂਦਾ ਹੈ, ਤਿਹਾਈਆਂ ਜ਼ਮੀਨਾਂ ਰਜ ਜਾਂਦੀਆਂ ਹਨ। ਫਿਰ ਵਾਹਨ ਵਤਰ ਆਉਂਦੇ ਹਨ ਪਰ ਉਨ੍ਹਾਂ ਵਿੱਚ ਹਲ ਜੋਣ ਵਾਸਤੇ ਕੋਈ ਪਿੰਡ ਵਿਚ ਨਹੀਂ, ਬੁਢੇ ਵੱਟ ਤੇ ਬੈਠੇ ਉਦਾਸ ਚਿਤ ਲਹਿੰਦੇ ਵਲ ਵੇਖ ਰਹੇ ਹਨ, ਜਿਧਰ ਉਨ੍ਹਾਂ ਦੇ ਬਾਂਕੇ ਭਾੜੇ ਉੱਤੇ ਲੜਨ ਚਲੇ ਗਏ ਹਨ। ਬੱਚੇ ਹਲਾਂ ਦੀਆਂ ਹੱਥੀਆਂ ਫੜੀ ਅਥਰੂ ਵਹਾ ਰਹੇ ਹਨ, ਅਤੇ ਜੋਗਾਂ ਖੜੀਆਂ ਉਨ੍ਹਾਂ ਵਲ ਝਾਕ ਰਹੀ ਆਂ ਹਨ......

'ਪਿੰਡ ਦੀਆਂ ਸੱਜ ਵਿਆਹੀਆਂ ਤੇ ਕੁਆਰੀਆਂ ਤਰਿੰਝਣ ਵਿਚ ਬੈਠੀਆਂ ਹਨ, ਦਿਲ ਵਿੰਨ੍ਹਵੀਂ ਲੈਅ ਪੰਡਾਲ ਦੀ ਚੁਪ ਨੂੰ ਚੀਰਦੀ ਹੋਈ ਤੇ ਲੋਕਾਂ ਦੇ ਵਲਵਲਿਆਂ ਵਿਚ ਜਵਾਰਭਾਟਾਂ ਉਪਜਾਉਂਦੀ ਹੋਈ ਨਿਕਲਦੀ ਹੈ:

੧੨੮.

ਜੰਗ ਵਿਚ ਨਾ ਜਾਈਂ