ਪੰਨਾ:ਨਵਾਂ ਮਾਸਟਰ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਆਖ਼ਰੀ ਝਾਕੀ ਵਿਚ ਇੱਕ ਨਿੱਕਾ ਜਿਹਾ ਕੱਚਾ ਕੋਠਾ ਹੈ। ਇੱਕ ਬੁੱਢੀ ਮਾਂ ਦੇ ਸਾਹਮਣੇ ਉਸ ਦਾ ਫ਼ੌਜੀ ਗਭਰੂ ਪੁਤ ਖਲੋਤਾ ਹੈ। ਸਿਪਾਹੀ ਦੀ ਖ਼ਾਕੀ ਵਰਦੀ ਘਸਮੈਲੀ ਹੋ ਚੁਕੀ ਹੈ, ਦਾੜ੍ਹੀ ਦੇ ਵਾਲ ਬੇ-ਸੁਰੇ ਜਿਹੇ ਵਧੇ ਹੋਏ ਹਨ, ਤੇ ਉਸ ਦੀਆਂ ਅੱਖਾਂ ਸੁਕੇੜੇ ਹੋਏ ਭਰਵਟਿਆਂ ਦੇ ਥਲਿਓਂ ਰੋਸ ਤੇ ਦ੍ਰਿੜ੍ਹ ਫੈਸਲੇ ਨਾਲ ਭੱਖ ਰਹੀਆਂ ਹਨ। ਮਾਂ ਦੀਆਂ ਅੱਖਾਂ ਵਿਚ ਮਿਲਾਪ ਦੀ ਖ਼ੁਸ਼ੀ ਦੇ ਅੱਥਰੂ ਹਨ। ਸਿਪਾਹੀ ਜੋਸ਼ੀਲੀ ਪਰ ਗੰਭੀਰ ਆਵਾਜ਼ ਵਿਚ ਆਖਦਾ ਹੈ।

'ਮਾਂ ਮੈਂ ਲਾਮ 'ਚੋਂ ਭੱਜ ਆਇਆ ਹਾਂ, ਮੇਰੇ ਪਿਛੇ ਖ਼ੁਫ਼ੀਆ ਸਿਪਾਹੀ ਲਗੇ ਫਿਰਦੇ ਹਨ, ਅਤੇ ਇਸ ਜੁਰਮ ਦੀ ਸਜ਼ਾ ਮੌਤ ਤੋਂ ਘਟ ਨਹੀਂ। ਪਰ ਮੈਂ ਹੁਣ ਕਦੀ ਵੀ ਜੰਗ ਵਿੱਚ ਨਹੀਂ ਜਾਵਾਂਗਾ। ਮੈਨੂੰ ਹੁਣ ਸਮਝ ਆ ਗਈ ਹੈ, ਜੰਗ ਕੌਣ ਤੇ ਕਿਉਂ ਲਾਉਂਦੇ ਹਨ। ਅਸੀਂ ਗ਼ਰੀਬ ਖੇਤਾਂ ਦੇ ਕਾਮੇ ਆਪਸ ਵਿਚ ਹੀ ਲੜ ਮਰਦੇ ਹਾਂ, ਸਾਥੀ ਕਾਮਿਆਂ ਦੀਆਂ ਹਿੱਕਾਂ ਵਿਚ ਸੰਗੀਨਾਂ ਖੋਭਦੇ ਹਾਂ, ਪਰ ਸਾਡੀਆਂ ਲਾਸ਼ਾਂ ਨੂੰ ਕੁਤੇ ਵੀ ਨਹੀਂ ਖਾਂਦੇ। ਸਾਡੇ ਮਰਨ ਪਿਛੋਂ ਸਾਡੀ ਔਲਾਦ ਦਾ, ਸਾਡੇ ਬੁਢੇ ਮਾਪਿਆਂ ਦਾ ਕੋਈ ਰਾਖਾ ਨਹੀਂ ਬਣਦਾ। ਸਾਨੂੰ ਦੇਸ਼ ਭਗਤੀ ਦੇ ਨਾਂ ਤੇ ਉਕਸਾਇਆ ਜਾਂਦਾ ਹੈ । ਪਰ ਇਹ ਸਭ ਸਟੰਟ ਹਨ| ਸਭ ਲੜਾਈਆਂ ਸਰਮਾਏਦਾਰ ਲੋਕ ਆਪਣੀਆਂ ਮੰਡੀਆਂ ਦੀ ਖ਼ਾਤਰ ਲੜਾਉਂਦੇ ਹਨ। ਜਿਤਣ ਨਾਲ ਉਨ੍ਹਾਂ ਨੂੰ ਹੀ ਲਾਭ ਹੁੰਦਾ ਹੈ, ਉਨ੍ਹਾਂ ਦੇ ਕਰੋੜਾਂ ਤੋਂ ਅਰਬਾਂ ਹੋ ਜਾਂਦੇ ਹਨ। ਗਰੀਬ ਸਦਾ ਗਰੀਬ ਹੀ ਰਹਿੰਦੇ ਹਨ। ਜਿਸ ਦੇਸ਼ ਚੋਂ ਗਰੀਬ ਨੂੰ ਰੋਟੀ ਨਹੀਂ ਮਿਲਦੀ ਉਹ ਉਸ

ਨਵਾਂ ਮਾਸਟਰ

੧੩੧.