ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਹਲੀਆਂ ਗੱਲਾਂ

ਅੱਜਕਲ ਦੀ ਜ਼ਿੰਦਗੀ ਇਕ ਹੁੱਲੜ, ਵਾਵਰੋਲਾ ਹੈ। ਇਸ ਵਿਚ ਵਿਹਲ ਕਿਥੇ? ਤੇ ਵਿਹਲੀਆਂ ਗੱਲਾਂ ਦਾ ਮੌਕਾ ਕਿਥੇ? ਫਿਰ ਸਾਰੇ ਸਿਆਣੇ ਧਾਰਮਕ ਲਿਖਾਰੀ ਤੇ ਸਮਾਜਕ ਆਗੂ ਇਸ ਗੱਲ ਦੇ ਵਿਰੁੱਧ ਹਨ ਕਿ ਕੋਈ ਸਮਾਂ ਗੱਪਾਂ ਵਿਚ ਬਿਤਾਇਆ ਜਾਏ। ਕਹਿੰਦੇ ਨੇ ਕਿ ਜਿਥੇ ਅਸਾਂ ਆਪਣੇ ਹਰ ਕਰਮ ਦਾ ਜਵਾਬ ਦੇਣਾ ਹੈ, ਉਥੇ ਹਰ ਕਥਨ ਦਾ ਭੀ ਗਿਣ-ਗਿਣ ਕੇ ਲੇਖਾ ਦੇਣਾ ਪਏਗਾ। ਇਸ ਲਈ ਹਰ ਆਦਮੀ ਨੂੰ ਆਪਣੀ ਜੀਭ ਨੂੰ ਲਗਾਮ ਦੇ ਕੇ ਰੱਖਣਾ ਚਾਹੀਦਾ ਹੈ। ਸਿਰਫ ਲੋੜ ਪਏ ਤੇ ਮੂੰਹ ਖੋਲ੍ਹਣਾ ਚਾਹੀਦਾ ਹੈ। ਜਦ ਮਤਲਬ ਦੀ ਗੱਲ ਪੂਰੀ ਹੋ ਗਈ ਤਾਂ ਝੱਟ ਜੰਦਾ ਲਾ ਕੇ ਚੁੱਪ ਵੱਟ ਲੈਣੀ ਚਾਹੀਦੀ ਹੈ। ਚੁੱਪ ਜਿਹੀ ਕੋਈ ਚੀਜ਼ ਨਹੀਂ। ‘ਚੁੱਪ ਸੁਚਹਿਰੀ ਹੈ ਤੇ ਬੋਲ ਰੁਪਹਿਰੀ।' ਕਈਆਂ ਨੇ ਤਾਂ ਚੁੱਪ ਦੇ ਮਜ਼ਮੂਨ ਉਤੇ ਕਿਤਾਬਾਂ ਲਿਖ ਮਾਰੀਆਂ ਹਨ। ਇਹ ਤਾਂ ਇਉਂ ਹੋਇਆ, ਜਿਵੇਂ ਕੋਈ ਅਰਾਮ ਚੂੰਡਣ ਲਈ ਸੌ ਕੋਹ ਪੈਂਡਾ ਮਾਰ, ਜਾਂ ਵਰਤਾਂ ਦੀ ਤਿਆਰੀ ਲਈ ਰੋਟੀਆਂ ਦਾ ਕੋਠਾ ਭਰ ਲਵੇ। ਚੁੱਪ ਦੇ ਇਤਨੇ ਗੁਣ ਗਾਏ ਹਨ ਕਿ ਹੁਣ ਹਰ ਇਕ ਸਿਆਣੇ ਆਦਮੀ ਨੂੰ ਚੁੱਪ ਦਾ ਅਭਿਆਸ ਕਰਨਾ ਪੈਂਦਾ ਹੈ। ਹਫਤੇ ਭਰ ਦੇ ਲੈਕਚਰਾਂ ਤੇ ਇੰਟਰਵਿਊਆਂ ਮਗਰੋਂ ਮਹਾਤਮਾ ਗਾਂਧੀ ਨੂੰ ਪ੍ਰਾਸ਼ਚਿਤ ਵਜੋਂ ਇਕ ਦਿਨ ਮੌਨ ਵਰਤ ਰੱਖਣਾ ਪੈਂਦਾ ਸੀ। ਜਿਤਨਾ ਕੋਈ ਆਦਮੀ ਪਰਮਾਤਮਾ ਜਾਂ ਉੱਚੀ ਸ਼ਾਨ ਵਾਲਾ ਹੁੰਦਾ ਹੈ ਉਨਾ ਹੀ ਚੱਪੂ ਤੇ ਖੁਲ੍ਹੀਆਂ ਗੱਲਾਂ ਕਰਨ ਤੋਂ ਸੰਗਣ ਵਾਲਾ ਹੁੰਦਾ ਹੈ। ਉਸ ਨੂੰ ਹਰ ਵਕਤ ਖਤਰਾ ਰਹਿੰਦਾ ਹੈ ਕਿ ਮੇਰੀ ਕਿਸੇ ਗੱਲ ਤੋਂ ਕਈ ਗਲਤ ਫ਼ਾਇਦਾ ਨਾ ਉਠਾ ਲਵੇ। ਨਾਲ ਕਈ ਵੱਡੇ ਨਿਰੇ ਧਨ ਕਰਕੇ ਜਾਂ ਪਦਵੀ ਕਰਕੇ ਵੱਡੇ ਹੁੰਦੇ ਹਨ। ਉਨ੍ਹਾਂ ਵਿਚ ਕੋਈ ਗੁਣ ਵੱਡਾ ਨਹੀਂ ਹੁੰਦਾ। ਇਸ ਲਈ ਉਹ ਆਪਣਾ ਕੰਮ ਪ੍ਰਾਈਵੇਟ ਸਕੱਤ੍ਰਾਂ ਰਾਹੀਂ ਟਪਾ ਲੈਂਦੇ ਹਨ ਅਤੇ ਲੋਕਾਂ ਨੂੰ

੧੨੮