ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਛਾਣ ਰੱਖਦਾ ਹੋਵੇ ਨਹੀਂ ਤਾਂ ਉਸ ਦੀਆਂ ਗੱਲਾਂ, ਉਸ ਦੇ ਮਖੌਲ, ਇਕ ਦੋ ਵਾਰੀ ਦੁਹਰਾਏ ਜਾ ਕੇ ਬਾਸੀ ਜਿਹੇ ਲੱਗਣ ਲੱਗ ਪੈਣਗੇ। ਉਸ ਨੂੰ ਲੋਕਾਂ ਦੇ ਸੁਭਾਅ ਤੇ ਮੌਕਾ ਪਛਾਨਣ ਦੀ ਜਾਚ ਹੋਵੇ, ਲੋਕਾਂ ਦੀਆਂ ਆਮ ਰੁਚੀਆਂ ਨਾਲ ਹਮਦਰਦੀ ਹੋਵੇ ਅਤੇ ਆਪਣੀ ਰਾਇ ਤੇ ਦਲੀਲ ਉਤੇ ਹੱਠ ਨਾ ਕਰੇ, ਖਾਸ ਕਰਕੇ ਆਪਣੀ ਬੋਲੀ ਉਤੇ ਚੰਗਾ ਕਾਬੂ ਹੋਵੇ।

ਇਹੋ ਜਿਹਾ ਗੱਲਾਂ ਦਾ ਹੁਨਰਮੰਦ ਭਾਈਚਾਰੇ ਦਾ ਭੂਸ਼ਣ ਹੁੰਦਾ ਹੈ। ਲੋਕੀਂ ਸਿਖੇ ਸਿਖਾਏ ਵਿਹਲੀਆਂ ਗੱਲਾਂ ਨੂੰ ਐਵੇਂ ਪਏ ਨਿੰਦਣ, ਪਰ ਦਿਲੋਂ ਹਰ ਕੋਈ ਜਾਣਦਾ ਹੈ ਕਿ ਵਿਹਲੀਆਂ ਗੱਲਾਂ ਬਿਨਾ ਗੁਜ਼ਾਰਾ ਨਹੀਂ। ਅੱਜ ਕੱਲ੍ਹ ਦੀ ਘੁਟੀ ਹੋਈ ਚਲਦੀ ਦੁਨੀਆਂ ਵਿਚ ਜਿਥੇ ਇੰਨੇ ਦੁਖ ਤੇ ਰੁਝੇਵੇਂ ਹਨ, ਵਿਹਲੀਆਂ ਗੱਲਾਂ ਦਾ ਹੁਨਰ ਬਹੁਤ ਲਾਭਵੰਦਾ ਹੈ। ਕਾਰਖਾਨੇ ਵਿਚ ਕੰਮ ਕਰ ਕੇ ਥੱਕੇ ਟੁਟੇ ਮਜ਼ੂਰਾਂ ਦੀ ਥੱਕੀ ਹੋਈ ਤਬੀਅਤ ਲਈ ਇਕ ਤਰ੍ਹਾਂ ਦੀ ਮਲ੍ਹਮ ਹੈ। ਜੇ ਦਫ਼ਤਰੋਂ ਆਏ ਬਾਬੂ ਨੂੰ ਆਪਣੀ ਵਹੁਟੀ ਸਾਰੇ ਦਿਨ ਦੀਆਂ ਚੋਂਦੀਆਂ ਚੋਂਦੀਆਂ ਗੱਲਾਂ ਨਾ ਸੁਣਾਏ ਜਾਂ ਸ਼ਾਮ ਨੂੰ ਉਸ ਦਾ ਮਿਤਰ ਸੈਰ ਕਰਦੇ ਕਰਦੇ ਵਿਹਲੀਆਂ ਠੋਕ ਕੇ ਉਸ ਨੂੰ ਨਾ ਹਸਾਏ, ਤਾਂ ਉਸ ਵਿਚਾਰੇ ਦਾ ਥੋੜ੍ਹੇ ਦਿਨਾਂ ਵਿਚ ਹੀ ਘਾਣ ਹੋ ਜਾਏ।

ਜੇ ਕਿਸੇ ਸੰਬੰਧੀ ਦੇ ਘਰ ਮਰਨੇ ਤੇ ਜਾ ਕੇ ਪਰਚਾਉਣੀ ਕਰਨੀ ਪਏ ਤਾਂ ਲਕੀਰ ਦਾ ਫਕੀਰ ਤਾਂ ਆਪਣੇ ਸੰਬੰਧੀ ਨੂੰ ਮੌਤ ਚੇਤੇ ਕਰਾ ਕਰਾ ਕੇ ਉਸਦੇ ਅੱਲੇ ਘਾਉ ਇਉਂ ਉਚੇੜੇਗਾ, "ਵਿਚਾਰਿਆ! ਤੇਰਾ ਕੁਝ ਨਹੀਂ ਰਿਹਾ! ਤੇਰਾ ਹੁਣ ਜੀਣਾ ਕਿਸ ਅਰਥ?" ਪਰ ਜਿਹੜਾ ਆਦਮੀ ਸਮਝਦਾਰ ਹੈ, ਉਹ ਗੱਲਾਂ ਗੱਲਾਂ ਵਿਚ ਆਪਣੇ ਦੁਖੀ ਸੰਬੰਧੀ ਨੂੰ ਆਪਣੀ ਹਮਦਰਦੀ ਦਸ ਦਏਗਾ, ਪਰ ਉਮੈਦ ਵਾਲੀਆਂ, ਢਾਰਸ ਵਾਲੀਆਂ ਗੱਲਾਂ ਦੇ ਜ਼ਰੀਏ ਉਸਦੇ ਖ਼ਿਆਲ ਨੂੰ ਮੌਤ ਤੇ ਇਸਦੇ ਨਾਲ ਆਏ ਕਸ਼ਟਾਂ ਨੂੰ ਉਸ ਦੀਆਂ ਅੱਖਾਂ ਤੋਂ ਉਹਲੇ ਰੱਖਣ ਦੀ ਕੋਸ਼ਿਸ਼ ਕਰੇਗਾ। ਇਉਂ ਕਰਨ ਲਈ ਬਹੁਤ ਸਾਰੀਆਂ ਵਿਹਲੀਆਂ ਗੱਲਾਂ ਦੀ ਲੋੜ ਹੈ ਜੋ ਇਸ ਹੁਨਰ ਵਿਚ ਪ੍ਰੱਪਕ ਆਦਮੀ ਹੀ ਕਰ ਸਕਦਾ ਹੈ।

ਇਸੇ ਤਰ੍ਹਾਂ ਜਦ ਭੀ ਕੋਈ ਜ਼ਰੂਰੀ ਕੰਮ ਦੀ ਗੱਲ ਕਰਨ ਲੱਗੇ, ਤਾਂ ਭੂਮਿਕਾ ਦੇ ਤੌਰ ਤੇ ਕੁਝ ਚਿਰ ਆਸ ਪਾਸ ਦੀਆਂ ਵਿਹਲੀਆਂ ਗੱਲਾਂ ਕਰਨ ਦੀ ਲੋੜ ਹੁੰਦੀ ਹੈ ਕਿਸੇ ਮਿੱਤਰ ਪਾਸੋਂ (ਜੋ ਸ਼ਾਹੂਕਾਰ ਨਾ ਹੋਵੇ) ਉਧਾਰ ਲੈਣ ਜਾਓ ਤਾਂ ਤੁਹਾਨੂੰ ਹਜ਼ਾਰ

੧੩੩