ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਲਤ ਹੋ ਸਕਦਾ ਹੈ ਤੇ ਕਿਸੇ ਹੋਰ ਦਾ ਸਹੀ ਹੋ ਸਕਦਾ ਹੈ: ਯਾ ਇਹ ਜਿਹੜਾ ਮੇਰਾ ਅਸੂਲ ਹੈ, ਉਸ ਦੇ ਮੁਕਾਬਲੇ ਤੇ ਕਿਸੇ ਹੋਰ ਦਾ ਭੀ ਠੀਕ ਹੋ ਸਕਦਾ ਹੈ। ਸਚਾਈ ਅਸਲ ਵਿਚ ਤਾਂ ਇਕ ਹੈ, ਪਰ ਓਸ ਨੂੰ ਮਨੁੱਖੀ ਗਿਆਨ ਪੂਰੀ ਤਰ੍ਹਾਂ ਨਹੀਂ ਲੱਭ ਸਕਦਾ। ਜੇ ਪੂਰਨ ਪੁਰਖ ਮਹਾਤਮਾ ਲੱਭ ਕੇ ਦਸ ਵੀ ਜਾਣ, ਤਾਂ ਉਨ੍ਹਾਂ ਦੇ ਪੈਰੋਕਾਰ ਉਸ ਦੇ ਸਮਝਣ ਵਿਚ ਕਸਰ ਖਾ ਜਾਂਦੇ ਹਨ। ਇਸ ਲਈ ਆਪਣੀ ਲੱਭੀ ਹੋਈ ਸੱਚਾਈ ਨੂੰ ਹੋਰਨਾਂ ਦੀਆਂ ਲੁੱਕੀਆਂ ਸਚਾਈਆਂ ਦੇ ਟਾਕਰੇ ਤੇ ਪੂਰਾ ਨਹੀਂ ਮੰਨ ਲੈਣਾ ਚਾਹੀਦਾ। ਅਗਲੇ ਜ਼ਮਾਨੇ ਦੇ ਵਿਚਾਰਵਾਨ ਲੋਕ ਸਚਾਈ ਨੂੰ ਹੀ ਅਟੱਲ ਤੇ ਪੂਰਨ ਮੰਨ ਲੈਂਦੇ ਸਨ ਅਤੇ ਹੋਰਨਾਂ ਦੀ ਲੱਭੀ ਸਚਾਈ ਨੂੰ ਝੂਠ ਜਾਂ ਕੁਫ਼ਰ ਕਰਕੇ ਸਮਝਦੇ ਸਨ। ਇਸੇ ਕਰਕੇ ਪੁਰਾਣੇ ਧਾਰਮਕ ਆਗੂਆਂ ਦੈ ਇਹੋ ਜਹੇ ਕਥਨ ਮਿਲਦੇ ਹਨ: "ਮੈਂ ਹਾਂ ਦਰਵਾਜ਼ਾ ਮੁਕਤੀ ਦਾ। ਜਿਸ ਕਿਸੇ ਨੇ ਰੱਬ ਪਾਸ ਜਾਣਾ ਹੋਵੇ ਉਹ ਮੇਰੇ ਪਾਸ ਆਵੇ।"

ਨਵੀਨ ਜ਼ਮਾਨੇ ਦੀ ਸਭ ਤੋਂ ਪਹਿਲੀ ਆਵਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਠਾਈ। ਉਨ੍ਹਾਂ ਨੇ ਆਪਣੇ ਧਰਮ ਦੀ ਨੀਂਹ "ਸੱਚ" ਤੇ ਰੱਖੀ। ਰੱਬ ਨੂੰ "ਆਦਿ ਸਚੁ ਜੁਗਾਦਿ ਸਚੁ" ਆਖਿਆ, ਅਤੇ ਮਨੁੱਖ ਨੂੰ ਵੀ "ਸਚਿਆਰ" ਹੋਣ ਲਈ ਜਾਂ ਸਚਖੰਡ ਪਹੁੰਚਣ ਲਈ ਸੱਦਾ ਦਿੱਤਾ। ਪਰ "ਸੱਚ" ਦਾ ਨਿਰਨਾ ਕਰਨ ਵੇਲੇ ਇਹ ਹਠ ਨਹੀਂ ਕੀਤਾ ਕਿ ਸਾਰਾ ਸੱਚ ਸਾਡੇ ਪਾਸ ਹੀ ਹੈ, ਤੇ ਹੋਰ ਕਿਸੇ ਪਾਸ ਸੱਚ ਹੈ ਈ ਨਹੀਂ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫੁਰਮਾਉਂਦੇ ਹਨ:——

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।
ਜਿਤੁ ਦੁਆਰੇ ਉਬਰੇ ਤਿਤੈ ਲੇਹੁ ਉਬਾਰਿ।

ਹੇ ਵਾਹਿਗੁਰੂ! ਇਹ ਸੰਸਾਰ ਸੜ ਰਿਹਾ ਹੈ, ਇਹਨੂੰ ਬਚਾ ਲੈ। ਮੈਂ ਨਹੀਂ ਕਹਿੰਦਾ ਮੇਰੀਆਂ ਹੀ ਬਾਲਟੀਆਂ ਨਾਲ ਇਹ ਅੱਗ ਬੁੱਝੇ। ਜੇ ਕੋਈ ਹੋਰ ਸੱਜਣ ਭੀ ਬਾਲਟੀਆਂ ਪਣ ਦਾ ਉੱਦਮ ਕਰਨ ਤਾਂ ਉਨ੍ਹਾਂ ਦੇ ਰਾਹੋਂ ਭੀ ਅੱਗ ਨੂੰ ਬੁਝਾਉਣ ਦੀ ਕਿਰਪਾਲਤਾ ਕਰ। ਅਰਥਾਤ ਕੇਵਲ ਸਿੱਖ ਧਰਮ ਹੀ ਮੁਕਤੀ ਦੇਣ ਵਾਲਾ ਨਹੀਂ, ਮੁਹੰਮਦ ਸਾਹਿਬ, ਹਜ਼ਰਤ ਈਸਾ, ਸ੍ਰੀ ਰਾਮ ਚੰਦਰ ਜੀ, ਸ੍ਰੀ ਕ੍ਰਿਸ਼ਨ ਜੀ ਆਦਿ ਦੇ ਮੰਨਣ ਵਾਲੇ ਭੀ ਤਰ ਸਕਦੇ ਹਨ। ਇਸੇ ਖਿਆਲ ਨਾਲ ਪੰਚਮ

੧੩