ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



"ਜੇ ਕੋਈ ਉਸ ਨੂੰ ਭਾਲਣ ਜਾਵੇ। ਬਾਝ ਵਸੀਲੇ ਹਥ ਨਾ ਆਵੇ।
ਸ਼ਾਹ ਅਨਾਦਿਤ ਭੇਤ ਬਤਾਵੇ। ਤਾਂ ਖੁਲ੍ਹੇ ਸਭ ਅਸਰਾਰ॥"

ਇਕ ਵਾਰੀ ਕਿਧਰੇ ਆਪਣਾ ਖ਼ਿਆਲ ਬਹੁਤ ਖੁਲ੍ਹੇ ਲਫ਼ਜ਼ਾਂ ਵਿਚ ਇਉਂ ਕਹਿ ਬੈਠੇ:

"ਹਾਜੀ ਲੋਕ ਮੱਕੇ ਨੂੰ ਜਾਂਦੇ, ਅਸੀਂ ਜਾਣਾ ਤਖ਼ਤ ਹਜ਼ਾਰੇ॥
ਜਿਤ ਵਲ ਯਾਰ ਉਤੇ ਵਲ ਕਾਬਾ, ਭਾਵੇਂ ਵੇਖ ਕਤਾਬਾਂ ਚਾਰੇ।
ਭਠ ਨਮਾਜ਼ਾਂ, ਚਿਕੜ ਰੋਜ਼ੇ, ਕਲਮੇ ਤੇ ਫਿਰ ਗਈ ਸਿਆਹੀ।
ਬੁਲ੍ਹੇ ਸ਼ਾਹ ਸ਼ਹੁ ਅੰਦਰ ਮਿਲਿਆ, ਭੁੱਲੀ ਫਿਰੇ ਲੁਕਾਈ।"

ਇਹੋ ਜਹੀਆਂ ਗੱਲਾਂ ਸੁਣ ਕੇ ਬੁਲ੍ਹੇ ਦੇ ਪੀਰ ਅਨਾਇਤ ਸ਼ਾਹ ਹੁਰੀ ਗੁੱਸੇ ਹੋ ਗਏ, ਅਤੇ ਉਹਨੂੰ ਆਪਣੇ ਦਾਇਰੇ ਵਿਚੋਂ ਕੱਢ ਦਿਤਾ। ਇਸ ਤੇ ਬੁਲ੍ਹੇ ਸ਼ਾਹ ਨੇ ਕਈ ਬਹੁਤ ਵਿਛੋੜੇ ਭਰੀਆਂ ਕਾਫ਼ੀਆਂ ਆਖਣੀਆਂ ਸ਼ੁਰੂ ਕਰ ਦਿਤੀਆਂ:

"ਮੈਂ ਨਾਤੀ ਧੋਤੀ ਰਹਿ ਗਈ। ਕਾਈ ਗੰਢ ਮਾਹੀ ਦਿਲ ਪੈ ਗਈ।
ਦੁਖ ਸੂਲਾਂ ਨੇ ਕੀਤਾ ਏਕਾ। ਨਾ ਕੋਈ ਸਹੁਰਾ ਨਾ ਕੋਈ ਪੇਕਾ।
ਦਰਦ-ਵਿਹੂਣੇ, ਪਏ ਦਰ ਤੇਰੇ, ਤੂੰ ਹੀ ਦਰਦ-ਰੰਝਾਣੀ ਦਾ।"

ਆਪਣੇ ਪੀਰ ਦੇ ਪਿਛੇ ਪਿਛੇ ਪਏ ਫਿਰਦੇ ਸਨ। ਇਕ ਵੇਰ ਜਦ ਪੀਰ ਹੋਰੀਂ ਮੋਢੇ ਤੇ ਕੰਬਲ ਅਤੇ ਹੱਥ ਵਿਚ ਸੁੱਟੀ ਲਈ ਮਸੀਤੋਂ ਨਿਕਲੇ ਤਾਂ ਬੁਲ੍ਹੇ ਹੋਰੀਂ ਖੁਸ਼ੀ ਵਿਚ ਮਸਤ ਹੋ ਕੇ ਇਉਂ ਗਾਉਣ ਲਗੇ:——

ਬਸ ਕਰ ਜੀ ਹੁਣ ਬਸ ਕਰ ਜੀ। ਕਾਈ ਗੱਲ ਅਸਾਂ ਨਾਲ ਹਸ ਕਰ ਜੀ।

ਤੂੰ ਮੋਇਆਂ ਨੂੰ ਮਾਰ ਨ ਮੁਕਦਾ ਸੈਂ।
ਫੜ ਖਿੱਦੋ ਵਾਂਗੂ ਸੁਟਦਾ ਸੈਂ।
ਗੱਲ ਕਰਦੇ ਸਾਂ ਗੱਲ ਘੁਟਦਾ ਸੈਂ।
ਗੁਣ ਤੀਰ ਲਾਇਓ ਈ ਕਸ ਕਰ ਜੀ।
ਤੁਸੀਂ ਛੁਪਦੇ ਸੀ, ਅਸੀਂ ਪਕੜੇ ਹੋ।
ਤੁਸੀਂ ਅਜੇ ਛਪਣ ਨੂੰ ਤਕੜੇ ਹੋ।
ਅਸੀਂ ਹਿਰਦੇ ਅੰਦਰ ਜਕੜੇ ਹੋ।
ਹੁਣ ਕਿਧਰ ਜਾਥੋਂ ਨੱਸ ਕਰ ਜੀ।

ਇਹ ਸੁਣ ਕੇ ਸ਼ਾਹ ਅਨਾਇਤ ਨੇ ਫ਼ਰਮਾਇਆ, "ਓਏ ਤੂੰ ਬੁਲ੍ਹਾ, ਏਂ?'

੫੦