ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਭਿਆਚਾਰਾਂ ਦਾ ਮੇਲ

ਹਿੰਦੁਸਤਾਨ ਵਿਚ ਜਾਤੀਆਂ ਦੀ ਪਰਸਪਰ ਸਾਂਝ-ਸੰਝਾਲੀ ਦਾ ਮਸਲਾ ਅਤਿਅੰਤ ਜ਼ਰੂਰੀ ਹੈ। ਬਤੌਰ ਕੌਮ ਦੇ ਅਸੀਂ ਓਨਾ ਚਿਰ ਅੱਗੇ ਨਹੀਂ ਵਧ ਸਕਦੇ-ਨਹੀਂ ਨਹੀਂ, ਅਸੀਂ ਇੱਕ ਕੌਮ ਹੀ ਨਹੀਂ ਅਖਵਾ ਸਕਦੇ-ਜਿੱਨਾ ਚਿਰ ਇਥੋਂ ਦੀਆਂ ਮਜ਼੍ਹਬੀ ਬਰਾਦਰੀਆਂ ਵਿਚ ਦਿਲੀ ਮੇਲ ਨਹੀਂ ਹੋ ਜਾਂਦਾ। ਅਚਨਚੇਤੀ ਲੋੜ ਜਾਂ ਭੀੜ ਸਮੇਂ ਨਿਰੇ ਝਟ-ਟਪਾਉ ਨੀਤਕ ਸਿਰ-ਜੋੜ ਜਾਂ ਕਿਸੇ ਤੀਜੀ ਧਿਰ ਦੇ ਵਿਰੁੱਧ ਨਿਰੀਆਂ ਆਰਜ਼ੀ ਸੰਧੀਆਂ ਕਾਫ਼ੀ ਨਹੀਂ ਹਨ। ਦੁਵੱਲੀ ਸੁਭਾਵਾਂ ਦੇ ਪੇਉਂਦ ਦੀ ਲੋੜ ਹੈ, ਜਿਸ ਵਿਚੋਂ ਇੱਕ ਸਾਂਝੀ ਕੌਮੀਅਤ ਦਾ ਬੂਟਾ ਨਿਸਰੇ, ਅਤੇ ਇੱਕੋ ਧਰਤੀ ਤੇ ਇੱਕੋ ਹਵਾ ਵਿਚੋਂ ਖ਼ੁਰਾਕ ਲੈਂਦਾ ਹੋਇਆ ਇੱਕੋ ਤਰ੍ਹਾਂ ਦੇ ਫੁੱਲ ਤੇ ਇੱਕੋ ਤਰ੍ਹਾਂ ਦਾ ਫਲ ਦੇਵੇ।

ਹੁਣ ਤਕ ਇਸ ਮਨੋਰਥ ਦੀ ਸਿਧੀ ਲਈ ਜਿਤਨੀਆਂ ਕੋਸ਼ਸ਼ਾਂ ਕੀਤੀਆਂ ਗਈਆਂ ਹਨ ਸਾਰੀਆਂ ਨਿਸਫਲ ਰਹੀਆਂ ਹਨ। ਇਹ ਤਿੰਨ ਤਰ੍ਹਾਂ ਦੀਆਂ ਕੋਸ਼ਸ਼ਾਂ ਸਨ। ਇਕ ਤਾਂ ਮਹਾਤਮਾ ਗਾਂਧੀ ਦਾ ਜਤਨ ਸੀ, ਜੋ 'ਖ਼ਿਲਾਫ਼ਤ ਲਹਿਰ' ਦੇ ਸਮੇਂ ਤਜਵੀਜ਼ ਕੀਤਾ ਗਿਆ। ਉਹ ਇਹ ਸੀ ਕਿ ਹਿੰਦੂ ਆਪਣੇ ਮੁਸਲਮਾਣ ਭਰਾਵਾਂ ਦਾ ਦਰਦ ਵੰਡਾਣ ਤੇ ਮੁਸਲਮਾਣ ਹਿੰਦੂਆਂ ਲਈ ਕਸ਼ਟ ਸਹਿਣ। ਸਾਂਝੇ ਕਸ਼ਟ ਦੀ ਕੁਠਾਲੀ ਵਿਚ ਪੈ ਕੇ ਦੋਵੇਂ ਧਿਰਾਂ ਢਲ ਕੇ ਇੱਕ ਹੋ ਜਾਣਗੀਆਂ। ਇਸ ਤਜਰਬੇ ਲਈ ਇਕ ਦੋ ਗੱਲਾਂ ਦਾ ਹੋਣਾ ਜ਼ਰੂਰੀ ਹੈ, ਜੋ ਏਸ ਵੇਲੇ ਮੌਜੂਦ ਨਹੀਂ। ਇਕ ਤਾਂ ਅਤਿਅੰਤ ਤੀਬਰ ਇੱਛਾ ਹੋਵੇ ਇਕ ਦੂਏ ਨਾਲ ਭਲਾ ਕਰਨ ਦੀ; ਅਤੇ ਦੂਜੀ ਇਕ ਆਦਰਸ਼ਕ ਬ੍ਰਿਤੀ ਹੋਵੇ ਜਿਸ ਨਾਲ ਦੂਏ ਧਿਰ ਦੇ ਹੱਕ ਆਪਣੇ

ー੯੭ー