ਨਵੀਆਂ ਸੋਚਾਂ
ਵਿਚ ਮਨ ਦੀਆਂ ਕੁਝ ਕੁਝ ਸ਼ਕਤੀਆਂ ਵਿਆਪਕ ਹਨ, ਅਤੇ ਪ੍ਰਕ੍ਰਿਤੀ ਦੇ ਤਤਾਂ ਵਿਚੋਂ ਹੀ ਮਨ ਉਸਰਦਾ ਹੈ, ਭਾਵੇਂ ਇਸ ਉਸਾਰੇ ਦੇ ਉਤਲੇ ਸਿਰੇ ਹਰੀ ਦੀ ਜੋਤ ਨਾਲ ਪ੍ਰਜ੍ਵਲਿਤ ਹੋ ਕੇ ਜੋਤ ਸਰੂਪ ਹੋ ਜਾਂਦੇ ਹਨ। ਇਸ ਲਈ ਜਿਥੇ ਇਹ ਕਿਹਾ ਹੈ ਕਿ "ਮਨ ਤੂੰ ਜੋਤਿ ਸਰੂਪ ਹੈਂ" (ਆਸਾ ਮ: ੩), ਉਥੇ ਮਨ ਬਾਬਤ ਇਹ ਭੀ ਕਿਹਾ ਹੈ: "ਇਹੁ ਮਨੁ ਕਰਮਾ ਇਹੁ ਮਨੁ ਧਰਮਾ। ਇਹੁ ਮਨੁ ਪੰਚ ਤਤੁ ਤੇ ਜਨਮਾ" (ਆਸਾ ਮ: ੧)। ਇਸ ਨੂੰ "ਪੰਚ-ਭੂ-ਆਤਮਾ" ਭੀ ਕਿਹਾ ਹੈ।
ਮਨੁਖ ਦੇ ਆਚਰਣ ਬਾਬਤ ਭੀ ਇਵੇਂ ਹੀ ਵੰਡ ਕੀਤੀ ਹੁੰਦੀ ਸੀ। ਚੰਗਿਆਂ ਵਿਚ ਕੋਈ ਨੁਕਸ ਨਹੀਂ ਸੀ ਮੰਨਦੇ, ਤੇ ਮੰਦਿਆਂ ਵਿਚ ਕੋਈ ਚੰਗਿਆਈ ਨਹੀਂ ਸੀ ਦੇਖਦੇ। ਇਹ ਨਹੀਂ ਸੀ ਪਤਾ ਕਿ ਚੰਗਾ ਆਦਮੀ ਮਨੁਖ ਹੋਣ ਕਰਕੇ ਜ਼ਰੂਰ ਕਿਧਰੇ ਨਾ ਕਿਧਰੇ ਭੁਲ ਕਰ ਹੀ ਬੈਠਦਾ ਹੈ, ਅਤੇ ਮੰਦਾ ਆਦਮੀ ਭਾਵੇਂ ਕਿੰਨਾ ਮੰਦਾ ਹੋਵੇ, ਉਸਦੇ ਅੰਦਰ ਨੇਕੀ ਦੀ ਅੰਸ਼ ਜ਼ਰੂਰ ਬਾਕੀ ਹੁੰਦੀ ਹੈ, ਕਿਉਂਕਿ ਉਹ ਚੰਗੇ ਰੱਬ ਦਾ ਬਣਾਇਆ ਹੋਇਆ ਹੈ, ਸ਼ੈਤਾਨ ਦਾ ਨਹੀਂ। ਉਹ 'ਰਾਮ ਕੀ ਅੰਸ਼' ਹੋਣ ਕਰਕੇ ਜ਼ਰੂਰ ਨੇਕੀ ਦੇ ਭਾਵ ਰਖਦਾ ਹੈ। ਚੋਰ ਤੇ ਡਾਕੂ ਭੀ, ਜੋ ਕਿਸੇ ਨਾਲ ਧੱਕਾ ਕਰਨ ਦੇ ਆਹਰ ਵਿਚ ਹੈ, ਆਪਣੇ ਪੁਤਰ ਨੂੰ ਪਿਆਰ ਕਰਦਾ ਹੈ, ਅਤੇ ਉਸ ਦੇ ਦਿਲ ਅੰਦਰ ਆਪਣੇ ਪੁਤਰ ਲਈ ਕੁਰਬਾਨੀ ਦਾ ਭਾਵ ਮੌਜੂਦ ਹੈ। ਇਹੋ ਕੁਰਬਾਨੀ ਤੇ ਪਿਆਰ ਦਾ ਭਾਵ ਉਸ ਦੇ ਦਿਲ ਦੀਆਂ ਡੂੰਘਿਆਈਆਂ ਵਿਚ ਕੰਮ ਕਰਦਾ ਕਿਸੇ ਵੇਲੇ ਬਾਹਰ ਭੀ ਆ ਨਿਕਲਦਾ ਅਤੇ ਉਪਕਾਰ ਦੀ ਸ਼ਕਲ ਫੜ ਲੈਂਦਾ ਹੈ। ਜ਼ਿੰਦਗੀ ਇਕ ਰਲ-ਮਿਲਵੀਂ ਖੇਡ ਹੈ। ਇਸ ਵਿਚ ਚੰਗੇ ਮੰਦੇ ਦੀ ਪਛਾਣ ਇਤਨੀ ਸੌਖੀ ਤੇ ਸਪਸ਼ਟ ਨਹੀਂ, ਜਿਤਨੀ ਕਿ ਲੋਕੀਂ ਸਮਝਦੇ ਸਨ। ਨਵੇਂ ਜ਼ਮਾਨੇ ਦਾ ਖ਼ਾਸਾ ਹੀ ਇਹ ਹੈ ਕਿ ਮਨੁਖੀ ਆਚਰਣ ਦੀਆਂ ਔਕੜਾਂ ਤੇ ਗੰਝਲਾਂ ਨੂੰ ਸਮਝ ਕੇ ਵਰਤੋਂ ਕੀਤੀ ਜਾਵੇ, ਤੇ ਛੇਤੀ ਛੇਤੀ ਫ਼ਤਵੇ ਲਾਣ ਤੋਂ ਸੰਕੋਚ ਕੀਤੀ ਜਾਵੇ।
ー੮ー