ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਬਝ ਤੁਰੇ, ਉਹ ਥੋੜੀ ਕੀਤਿਆਂ ਫੇਰ ਨਹੀਂ ਹਟਦੀ। ਇਸ ਨੂੰ ਪੰਜਾਬ ਵਿਚ ਸਿਖ ਰਾਜਿਆਂ, ਰਾਜਪੂਤਾਨੇ ਤੇ ਗੁਜਰਾਤ ਵਿਚ ਹਿੰਦੂ ਰਾਜਿਆਂ ਤੇ ਹੋਰ ਦੇਸੀ ਆਜ਼ਾਦ ਰਜਵਾੜਿਆਂ ਨੇ ਚਲਦਾ ਰਖਿਆ।

ਸੰਗੀਤ ਵਿਚ ਵੀ ਤਾਨ ਸੈਨ ਜਹੇ ਰਾਗ ਦੇ ਮਾਹਿਰਾਂ ਨੇ ਕੁਝ ਜੋੜ-ਤੋੜ ਕੀਤੇ। ਉਸ ਬਾਰੇ ਅਬੁਲ ਫ਼ਜ਼ਲ ਲਿਖਦਾ ਹੈ ਕਿ ਉਸ ਨੇ ਆਪਣੇ ਹੁਨਰ ਵਿਚ ਕਈ ਨਵੀਆਂ ਪਲਟਾਂ ਲਿਆਂਦੀਆਂ। ਪੁਰਾਣੇ ਖਿਆਲਾਂ ਦੇ ਹਿੰਦੂ ਉਸ ਉਤੇ ਇਹ ਦੂਸ਼ਣ ਲਾਂਦੇ ਹਨ ਕਿ ਉਸ ਨੇ ਸੰਪਰਦਾਈ ਰਾਗਾਂ ਨੂੰ ਵਿਗਾੜ ਦਿੱਤਾ ਸੀ। ਉਨ੍ਹਾਂ ਦੇ ਇਸ ਕਥਨ ਤੋਂ ਮਲੂਮ ਹੁੰਦਾ ਹੈ ਕਿ ਉਸ ਨੇ ਪੁਰਾਣੀਆਂ ਲੀਹਾਂ ਨੂੰ ਛਡ ਕੇ ਰਾਗ ਨੂੰ ਕਿਸੇ ਐਸੇ ਰਾਹੇ ਪਾਇਆ ਜੋ ਮੁਸਲਮਾਣੀ ਰਸ ਨੂੰ ਭੀ ਸੂਤ ਬਹਿ ਸਕੇ। ਨਵੇਂ ਜ਼ਮਾਨੇ ਦੀਆਂ ਲੋੜਾਂ ਨੂੰ ਮੁਖ ਰਖ ਕੇ ਸਿਖ ਗੁਰੂ ਸਾਹਿਬਾਨ ਨੇ ਭੀ ਕੁਝ ਅਦਲਾ ਬਦਲੀਆਂ ਕੀਤੀਆਂ। ਓਹ ਅਜੇਹੀ ਖੁਸ਼ੀ ਦੇ ਖਿਲਾਫ ਸਨ ਜੋ ਮਨੁਖ ਨੂੰ ਝੱਲਾ ਕਰ ਕੇ ਸੰਜੀਦਗੀ ਦੀਆਂ ਹੱਦਾਂ ਟਪਾ ਦੇਵੇ, ਇਸ ਲਈ ਉਨ੍ਹਾਂ ਨੇ ਮੇਘ, ਹਿੰਡੋਲ ਆਦਿ ਰਾਗਾਂ ਨੂੰ ਵਰਤਣਾ ਛੱਡ ਦਿੱਤਾ। ਓਹ ਐਸੇ ਵੈਰਾਗ ਦੇ ਭੀ ਖਿਲਾਫ਼ ਸਨ ਜੋ ਮਨੁਖ ਨੂੰ ਸਾੜ ਭੁੰਨ ਕੇ ਕਿਸੇ ਕੰਮ ਜੋਗਾ ਹੀ ਨਾ ਛੱਡੇ, ਇਸ ਲਈ ਦੀਪਕ, ਜੋਗ ਆਦਿ ਰਾਗਾਂ ਨੂੰ ਭੀ ਤਿਲਾਂਜਲੀ ਦੇ ਦਿਤੀ। ਹਾਂ ਇਨ੍ਹਾਂ ਨੂੰ ਬਸੰਤ, ਗੌੜੀ ਆਦਿ ਸੰਜੀਦਾ ਰਾਗਾਂ ਨਾਲ ਮਿਲਾ ਕੇ ਵਰਤਣ ਵਿਚ ਕੋਈ ਹਰਜ ਨਹੀਂ ਸਮਝਿਆ। ਜੋਸ਼ ਦੁਆਣ ਲਈ ਵਾਰਾਂ ਦੀਆਂ ਨਵੀਆਂ ੨ ਧਾਰਨਾਂ ਪ੍ਰਚਲਤ ਕੀਤੀਆਂ, ਜਾਂ ਪੁਰਾਣੀਆਂ ਧਾਰਨਾਂ ਨੂੰ ਮਾਂਜ ਲਿਸ਼ਕਾ ਕੇ ਨਵੇਂ ਢੰਗ ਨਾਲ ਵਰਤਿਆ। ਆਸਾ, ਤਿਲੰਗ ਆਦਿ ਸਰਹੱਦੀ ਰਾਗਾਂ ਵਿਚ ਨਾ ਕੇਵਲ ਹੁਨਰੀ ਮੇਲ ਕੀਤਾ, ਬਲਕਿ ਉਨ੍ਹਾਂ ਵਿਚ ਗਾਏ ਜਾਣ ਵਾਲੇ ਸ਼ਬਦਾਂ ਵਿਚ ਭੀ ਰਾਗ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਹਿੰਦੀ ਦੇ ਨਾਲ ਨਾਲ ਫ਼ਾਰਸੀ ਤੇ ਅਰਬੀ ਦੇ ਲਫਜ਼ ਭੀ ਭਰ ਦਿੱਤੇ।

ー੧੧੦ー