ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਜਾਣਦੇ ਹਨ? ਕਿਤਨੇ ਕੁ ਹਿੰਦੂ ਸਜਣ ਹੋਣਗੇ ਜਿਨ੍ਹਾਂ ਨੂੰ ਹਸਨ ਹੁਸੈਨ ਦੀ ਸ਼ਹੀਦੀ ਦੀ ਸਾਰੀ ਵਾਰਤਾ ਆਉਂਦੀ ਹੈ? ਇਕ ਦੂਜੇ ਬਾਬਤ ਇਤਨੇ ਕੋਰੇ ਤੇ ਬੇਖ਼ਬਰ ਰਹਿੰਦਿਆਂ ਹੋਇਆਂ ਜੇ ਪਿਪਲ ਦੀ ਟਾਹਣੀ ਟੁਟ ਜਾਣ ਤੇ ਹਜ਼ਾਰਾਂ ਜਾਨਾਂ ਦਾ ਨੁਕਸਾਨ ਹੋ ਜਾਏ ਤਾਂ ਕੀ ਹਰਾਨੀ ਹੈ?

ਫਿਰ ਦੇਖੋ ਅਸੀਂ ਹੁਨਰ ਦੇ ਮਾਮਲੇ ਵਿਚ ਕਿਤਨੇ ਪਿਛਾਂਹ-ਖਿਚੂ ਹੋ ਗਏ ਹਾਂ! ਸਾਹਿੱਤ ਵਾਂਗੂੰ ਹੁਨਰ ਨੂੰ ਭੀ ਮੁੜ ਸੁਰਜੀਤ ਕਰਨ ਦੇ ਉਪਰਾਲੇ ਹੋ ਰਹੇ ਹਨ, ਪਰ ਇਹ ਹੁਨਰ ਉਹ ਨਹੀਂ ਜੋ ਸਾਡੇ ਵਡਿਆਂ ਨੇ ਰਲਾ ਮਿਲਾ ਕੇ ਇੱਕ ਕੀਤਾ ਸੀ, ਬਲਕਿ ਉਹ ਹੈ ਜੋ ਮੁਸਲਮਾਣਾਂ ਦੇ ਆਉਣ ਤੋਂ ਪਹਿਲਾਂ ਸਮਰਕੰਦ ਜਾਂ ਬਗ਼ਦਾਦ ਵਿਚ ਪ੍ਰਚਲਤ ਸੀ ਜਾਂ ਮਥਰਾ ਬਿੰਦਰਾਬਨ ਦੇ ਮੰਦਰਾਂ ਵਿਚ ਵਰਤਿਆ ਜਾਂਦਾ ਸੀ। ਹਿੰਦੂ ਆਪਣੇ ਕਾਲਜ, ਆਸ਼੍ਰਮ ਤੇ ਹੋਰ ਪਬਲਕ ਇਮਾਰਤਾਂ ਨਰੋਲ ਹਿੰਦੂ ਸ਼ਕਲ ਦੀਆਂ ਬਣਾ ਰਹੇ ਹਨ, ਜਿਨ੍ਹਾਂ ਵਿਚ ਪੁਰਾਣੇ ਸ਼ਿਵਾਲੇ ਦੇ ਸਿਖਰੀ ਢੰਗ ਨਾਲ ਨਾਲ ਸਸਤੇ ਬਾਰਕਮਾਸਤਰੀ ਢੰਗ ਦੀਆਂ ਨੀਵੀਆਂ ਡਾਟਾਂ ਦਾ ਰੱਲਾ ਤਾਂ ਪਿਆ ਹੋਵੇਗਾ, ਪਰ ਕਮਾਨੀਦਾਰ ਡਾਟਾਂ ਤੇ ਗੁੰਬਦਾਂ ਦਾ ਨਾਂ ਨਿਸ਼ਾਨ ਨਹੀਂ ਹੋਵੇਗਾ, ਕਿਉਂਕਿ ਇਹ ਚੀਜ਼ਾਂ ਮੁਸਲਮਾਣੀ ਸੱਭਿਤਾ ਨੂੰ ਯਾਦ ਕਰਾਉਂਦੀਆਂ ਹਨ। ਇਸੇ ਤਰ੍ਹਾਂ ਮੁਸਲਮਾਣੀ ਆਪਣੀਆਂ ਇਮਾਰਤਾਂ ਪੁਰਾਣੀ ਮੁਸਲਮਾਣੀ ਉਸਾਰਗੀਰੀ ਦੇ ਢੰਗ ਨਾਲ ਬਣਾ ਰਹੇ ਹਨ। ਇਹੋ ਮਨਬਿਰਤੀ ਮੁਸੱਵਰੀ ਵਿਚ ਕੰਮ ਕਰ ਰਹੀ ਹੈ। ਬੰਗਾਲ ਦੇ ਚਿਤਰਕਾਰ, ਪੁਰਾਣੀ ਸਮਾਧਿ-ਬ੍ਰਿਤੀ ਅਨੁਸਾਰ ਜੋ ਨਰੋਲ ਹਿੰਦੂ ਬ੍ਰਿਤੀ ਹੈ, ਆਪਣੀਆਂ ਤਸਵੀਰਾਂ ਵਿਚ ਪਲਾਤਾ ਲਾਤਾ ਰੰਗ ਭਰਦੇ ਹਨ ਅਤੇ ਆਪਣੇ ਭਾਵ ਨੂੰ ਪੂਰੀ ਤਰ੍ਹਾਂ ਸਤ੍ਹਾ ਤੇ ਨਹੀਂ ਲਿਆਉਂਦੇ। ਇਹ ਤਰਜ਼ ਨਰੋਲ ਹਿੰਦੂ ਹੋ ਸਕਦੀ ਹੈ, ਪਰ ਇਹ ਸਾਰੇ ਵਰਤਮਾਨ ਹਿੰਦ ਦੀ ਤਰਜ਼ ਨਹੀਂ ਅਖਵਾ ਸਕਦੀ, ਕਿਉਂਕਿ ਇਸ ਵਿਚ ਉਸ ਤਬਦੀਲੀ ਦਾ ਨਾਂ ਨਿਸ਼ਾਨ ਨਹੀਂ ਜੋ ਸਾਡੀ ਰੂਹ ਵਿਚ ਬਲਕਾਰ ਮੁਸਲਮਾਣੀ ਅਸਰ ਨੇ ਲਿਆਂਦੀ। ਦੂਜੇ ਪਾਸੇ

ー੧੧੪ー