ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀ ਗੁਰੂ ਨਾਨਕ ਦੇਵ ਪੜ੍ਹੇ ਹੋਏ ਸਨ?

ਕਈਆਂ ਲੋਕਾਂ ਦਾ ਜਤਨ ਹੁੰਦਾ ਹੈ ਕਿ ਆਪਣੇ ਵੱਡਿਆਂ ਦੀ ਵਡਿਆਈ ਦਾ ਅਸਰ ਵਧਾਉਣ ਲਈ ਉਨ੍ਹਾਂ ਨੂੰ ਅਨਪੜ੍ਹ ਸਾਬਤ ਕਰਨ, ਤਾਂਜੋ ਲੋਕੀ ਇਹ ਵੇਖ ਕੇ ਹੈਰਾਨ ਹੋ ਜਾਣ ਕਿ ਇਤਨੀ ਉੱਚੀ ਸਿਖਿਆ ਦੇਣ ਵਾਲਾ ਜਾਂ ਇੰਨੀ ਪ੍ਰੱਭਤਾ ਦਾ ਮਾਲਕ ਆਪ ਕਿਸੇ ਤੋਂ ਕੁਝ ਨਹੀਂ ਪੜ੍ਹਿਆ। ਇਸੇ ਲਈ ਹਜ਼ਰਤ ਮੁਹੰਮਦ, ਸ਼ਹਿਨਸ਼ਾਹ ਅਕਬਰ ਅਤੇ ਸਤਿਗੁਰ ਨਾਨਕ ਦੇਵ ਬਾਬਤ ਦਸਦੇ ਹਨ ਕਿ ਉਨ੍ਹਾਂ ਨੇ ਵਿਦਿਆ ਕਿਸੇ ਤੋਂ ਪ੍ਰਾਪਤ ਨਹੀਂ ਕੀਤੀ, ਅਰਥਾਤ ਲਿਖਣਾ ਪੜ੍ਹਨਾ ਨਹੀਂ ਸਿਖਿਆ, ਜੋ ਕੁਝ ਪਾਇਆ ਧੁਰ ਦਰਗਾਹੋਂ ਹੀ ਪਾਇਆ, ਅਤੇ ਜੋ ਕੁਝ ਕਢਿਆ ਆਪਣੇ ਅੰਦਰੋਂ ਹੀ ਕਢਿਆ।

ਮੁਗ਼ਲਾਂ ਦੇ ਸਮੇਂ ਤੋਂ ਲੈ ਕੇ ਤਾਲੀਮ ਦਾ ਸਿਲਸਲਾ ਅਜੇਹਾ ਬਾਕਾਇਦਾ ਚਲਾ ਆਇਆ ਹੈ ਕਿ ਆਮ ਲੋਕਾਂ ਨੂੰ ਹੋਰ ਕੋਈ ਤਰੀਕਾ ਤਾਲੀਮ ਦਾ ਸੁਝਦਾ ਹੀ ਨਹੀਂ। ਜੇ ਕੋਈ ਆਦਮੀ ਕਿਸੇ ਮਕਤਬ ਮਦਰਸੇ ਜਾਂ ਸਕੂਲ ਕਾਲਜ ਵਿਚ ਬਹਿ ਕੇ ਲਗਾਤਾਰ ਨਾ ਪੜ੍ਹੇ, ਉਸ ਨੂੰ ਪੜ੍ਹਿਆ ਹੋਇਆ ਨਹੀਂ ਗਿਣਦੇ। ਪਰ ਜੇ ਵਾਕਿਆਤ ਨੂੰ ਵੇਖੀਏ ਤਾਂ ਪਤਾ ਲਗਦਾ ਹੈ ਕਿ ਮੌਜੂਦਾ ਜ਼ਮਾਨੇ ਵਿਚ ਵੀ ਕਈ ਵਡੇ ਵਡੇ ਵਿਦਵਾਨ ਤੇ ਕਵੀ ਆਪਣੇ ਆਪ ਪੜ੍ਹੇ ਹਨ ਅਤੇ ਕਿਸੇ ਬਾਕਾਇਦਾ ਸਕੂਲ ਵਿਚ ਨਹੀਂ ਗਏ। ਰਾਬਰਟ ਬ੍ਰੋਨਿੰਗ ਅੰਗਰੇਜ਼ੀ ਦਾ ਭਾਰੀ ਕਵੀ ਹੋਇਆ ਹੈ, ਜਿਸ ਦੀ ਵਿਦਵਤਾ ਦਾ ਟਾਕਰਾ ਅਜ ਕਲ ਦਾ ਕੋਈ ਹੋਰ ਕਵੀ ਨਹੀਂ ਕਰ ਸਕਦਾ, ਪਰ ਉਹ ਕਿਸੇ ਸਕੂਲ ਜਾਂ ਕਾਲਜ ਵਿਚ ਨਹੀਂ ਸੀ ਪੜ੍ਹਿਆ। ਹਿੰਦ ਦਾ ਮਹਾਂ ਕਵੀ ਟੈਗੋਰ, ਜਿਸ ਦੀ ਵਿਦਵਤਾ ਦਾ ਸਿੱਕਾ ਪੱਛਮੀ ਲੋਕਾਂ ਨੇ ਭੀ ਮੰਨਿਆ ਹੈ, ਕਿਸੇ ਬਾਕਾਇਦਾ ਸਕੂਲ ਜਾਂ ਕਾਲਜ ਦਾ ਪੜ੍ਹਿਆ ਹੋਇਆ ਨਹੀਂ।

ー੧੧੭ー