ਖ਼ਾਲਸਾ ਕਾਲਜ ਅੰਮ੍ਰਿਤਸਰ
੧
ਜਦ ਪਿਛਲੀ ਸਦੀ ਦੇ ਸਨ ਅੱਸੀ ਨਵੇ ਦੇ ਵਿਚਕਾਰ ਧਾਰਮਕ ਸੁਧਾਰ ਦੀ ਲਹਿਰ ਜਾਰੀ ਹੋਈ, ਤਾਂ ਇਹ ਜ਼ਰੂਰੀ ਸੀ ਕਿ ਸਿਖਾਂ ਦਾ ਧਿਆਨ ਵਿਦਿਆ ਵਲ ਵੀ ਜਾਂਦਾ, ਕਿਉਂਕਿ ਕਿਸੇ ਕੌਮ ਵਿਚ ਜਾਗ੍ਰਤ ਪੈਦਾ ਕਰਨ ਲਈ ਵਿਦਿਆ ਤੋਂ ਬਿਨਾਂ ਹੋਰ ਕੋਈ ਹਥਿਆਰ ਨਹੀਂ। ਉਨ੍ਹੀਂ ਦਿਨੀਂ ਸੁਧਾਰਕ ਸਿਖਾਂ ਦੀ ਅਗਵਾਈ 'ਖਾਲਸਾ ਦੀਵਾਨ' ਲਾਹੌਰ ਦੇ ਹੱਥ ਸੀ, ਜਿਸ ਵਿਚ ਵਿਦਿਅਕ ਕੰਮਾਂ ਦੇ ਮੋਢੀ ਸਰਦਾਰ ਗੁਰਮੁਖ ਸਿੰਘ ਜੀ ਓਰੀਅੰਟਲ ਕਾਲਜ ਵਾਲੇ ਅਤੇ ਸਰਦਾਰ ਜਵਾਹਰ ਸਿੰਘ ਜੀ ਰੇਲਵੇ ਦਫ਼ਤਰ ਵਾਲੇ ਸਨ। ਇਹ ਸਜਣ ਸਧਾਰਨ ਜਹੇ ਸਿਖ ਸਨ, ਪਰ ਪੰਥਕ ਜੋਸ਼ ਇਨ੍ਹਾਂ ਵਿਚ ਠਾਠਾਂ ਮਾਰਦਾ ਸੀ। ਸਿਖਾਂ ਵਿਚ ਜਿਸ ਪਾਸੇ ਇਹ ਜਾਂਦੇ ਸਨ ਜੋਸ਼ ਦੀ ਲਹਿਰ ਵੱਗ ਤੁਰਦੀ ਸੀ। ਸਰਕਾਰ ਅਤੇ ਰਿਆਸਤਾਂ ਕੋਲੋਂ ਭੀ ਮਦਦ ਲੈਣੀ ਜਾਣਦੇ ਸਨ।
ਉਨ੍ਹੀਂ ਦਿਨੀਂ ਸਿਖ ਲੋਕ ਸਰਕਾਰ ਅੰਗਰੇਜ਼ੀ ਨੂੰ ਆਪਣਾ ਪੱਕਾ ਦੋਸਤ ਕਰਕੇ ਜਾਣਦੇ ਸਨ, ਅਤੇ ਸਰਕਾਰ ਭੀ ਸਿਖਾਂ ਦੀ ਦੋਸਤੀ ਨੂੰ ਕਈ ਮੌਕਿਆਂ ਉਤੇ ਪਰਖ ਕੇ ਚੰਗੀ ਕਦਰ ਵਾਲੀ ਚੀਜ਼ ਸਮਝਦੀ ਸੀ। ਲਾਰਡ ਲੈਨਸਡਊਨ ਵਾਇਸਰਾਏ ਹਿੰਦ ਨੇ ੨੩ ਅਕਤੂਬਰ ੧੮੯੦ ਨੂੰ ਪਟਿਆਲੇ ਵਿਚ ਤਕਰੀਰ ਕਰਦਿਆਂ ਆਖਿਆ ਸੀ ਕਿ "ਸਿਖਾਂ ਦੀ ਇਸ ਵਿਦਿਅਕ ਲਹਿਰ ਨਾਲ ਸਰਕਾਰ ਹਿੰਦ ਦੀ ਪੂਰੀ ਪੂਰੀ ਹਮਦਰਦੀ ਹੈ। ਸਿਖਾਂ ਵਿਚ ਜੋ ਖਾਸ ਗੁਣ ਹਨ, ਉਹਨਾਂ ਦੀ ਕਦਰ ਸਾਡੇ ਦਿਲ ਵਿਚ ਬਹੁਤ ਹੈ। ਸਾਨੂੰ ਇਹ ਵੇਖ ਕੇ ਬਹੁਤ ਖੁਸ਼ੀ ਹੋਂਦੀ ਹੈ ਕਿ ਇਹੋ ਸਿਖ ਜੋ ਕਦੀ ਸਾਡੇ ਲਈ ਡਾਢੇ ਕਰੜੇ ਤੇ ਬਹਾਦਰ ਵੈਰੀ ਸਨ, ਹੁਣ ਮਹਾਰਾਣੀ ਵਿਕਟੋਰੀਆ ਦੇ ਸੱਚੇ ਮਿਤਰ ਤੇ ਵਫ਼ਾਦਾਰ ਪਰਜਾ ਹਨ।"
ー੧੨੬ー