ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਾਲਸਾ ਕਾਲਜ ਅੰਮ੍ਰਿਤਸਰ

ਕਦੀ ਇਕ ਦੂਜੇ ਦਾ ਸਿਰ ਭੰਨਣ ਲਈ ਇਕੱਠੇ ਹੋਏ ਸਨ ਅਜ ਉਸੇ ਥਾਂ ਉਨ੍ਹਾਂ ਦੀ ਸੰਤਾਨ ਭਰਾਵਾਂ ਵਾਂਗ ਸਿਰ ਜੋੜ ਕੇ ਬਹਿੰਦੀ ਹੈ ਜਾਂ ਖੇਡਾਂ ਦੀਆਂ ਟੀਮਾਂ ਬਣਾ ਕੇ ਖੇਡਦੀ ਹੈ!

੨੨ ਅਕਤੂਬਰ ੧੮੯੩ ਨੂੰ ਮਿਡਲ ਦੀ ਪੜ੍ਹਾਈ ਸ਼ੁਰੂ ਹੋਈ, ਅਤੇ ੧੮੯੬ ਵਿਚ ਹਾਈ ਦੀ। ਉਸੇ ਸਾਲ ਐਫ. ਏ. ਦੀਆਂ ਜਮਾਤਾਂ ਖੁਲ੍ਹੀਆਂ। ਫਿਰ ੧੮੯੯ ਵਿਚ ਬੀ. ਏ. ਅਤੇ ੧੯੦੫ ਵਿਚ ਐਫ. ਐਸ. ਸੀ. ਅਤੇ ਬੀ. ਐਸ. ਸੀ. ਦੀਆਂ ਜਮਾਤਾਂ ਬਣੀਆਂ। ੧੯੧੬ ਤੋਂ ਐਮ. ਏ. ਤਕ ਪੜ੍ਹਾਈ ਹੋਣ ਲਗੀ।

ਉਨ੍ਹੀਂਵੀਂ ਸਦੀ ਦੇ ਅੰਤਲੇ ਸਾਲਾਂ ਵਿਚ ਖਾਲਸਾ ਦੀਵਾਨ ਦੇ ਮੋਢੀ ਕੁਝ ਤਾਂ ਚਲਾਣਾ ਕਰ ਗਏ ਅਤੇ ਬਾਕੀ ਦੇ ਇਧਰ ਉਧਰ ਕਹਿਣ ਕਹਿਣ ਖਿੰਡ ਫੁੰਡ ਗਏ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਦੀਵਾਨ ਦਾ ਕੰਮ ਬਹੁਤ ਢਿਲਾ ਪੈ ਗਿਆ। ਇਹਦੇ ਨਾਲ ਕਾਲਜ ਦੀ ਭੀ ਮਾਲੀ ਹਾਲਤ ਬਹੁਤ ਵਿਗੜ ਗਈ। ਇਥੋਂ ਤਕ ਕਿ ਮੈਕਵਰਥ ਯੰਗ (ਲਾਟ ਸਾਹਿਬ ਪੰਜਾਬ) ਨੇ ਸਲਾਹ ਦਿੱਤੀ ਕਿ ਕਾਲਜ ਦੀਆਂ ਜਮਾਤਾਂ ਤੋੜ ਦਿਓ। ਪਰ ਕਾਲਜ ਦੇ ਚੰਗੇ ਭਾਗਾਂ ਕਰਕੇ ਉਨ੍ਹੀਂ ਦਿਨੀਂ ਚੀਫ ਖਾਲਸਾ ਦੀਵਾਨ ਨੇ ਜਨਮ ਲਿਆ। ਸਰਦਾਰ ਸੁੰਦਰ ਸਿੰਘ ਸਾਹਿਬ ਮਜੀਠਾ, ਜੋ ਇਸ ਨਵੇਂ ਦੀਵਾਨ ਦੇ ਮੋਢੀ ਸਨ, ੧੯੦੨ ਵਿਚ ਖਾਲਸਾ ਕਾਲਜ ਦੇ ਸਕੱਤਰ ਬਣੇ।

ਕਾਲਜ ਦੀ ਕੌਂਸਲ ਬਹੁਤ ਵੱਡੀ ਹੋਣ ਕਰਕੇ ਕੰਮ ਠੀਕ ਚਲਦਾ ਨਹੀਂ ਸੀ, ਇਸ ਲਈ ਲਾਟ ਸਾਹਿਬ ਦੀ ਸਲਾਹ ਨਾਲ ੧੩ ਆਦਮੀਆਂ ਦੀ ਇਕ ਪ੍ਰਬੰਧਕ ਕਮੇਟੀ ਬਣਾਈ ਗਈ। ਕੰਮ ਚੰਗਾ ਰਿੜ੍ਹ ਪਿਆ ਅਤੇ ਕਾਲਜ ਦਿਨੋ ਦਿਨ ਚੜ੍ਹਦੀਆਂ ਕਲਾਂ ਵਿਚ ਹੋਣ ਲੱਗਾ। ੧੨ ਅਪ੍ਰੈਲ, ੧੯੦੪, ਨੂੰ ਪੰਥ ਦੇ ਮਾਣਨੀਯ ਬਿਰਧ ਮਹਾਰਾਜਾ ਸਰ ਹੀਰਾ ਸਿੰਘ ਸਾਹਿਬ ਨਾਭਾ ਦੀ ਪ੍ਰਧਾਨਗੀ ਹੇਠ ਇਕ ਵੱਡਾ ਸਾਰਾ ਜਲਸਾ ਕੀਤਾ

ー੧੨੯ー