ਸਾਊਪੁਣਾ
ਇਹ ਫੋਕਾ ਰੋਅਬ ਦਾਬ ਹੈ, ਸ੍ਵੈਮਾਨਤਾ ਨਹੀਂ। ਅਸਲ ਸ੍ਵੈਮਾਨਤਾ ਬਾਹਰ ਦਿਖਾਵੇ ਵਿਚ ਨਹੀਂ ਆਉਂਦੀ। ਇਹ ਦਿਸੇ ਭੀ ਤਾਂ ਲੋਕਾਚਾਰ ਦੀ ਗੁਲਾਮੀ ਤੋਂ ਸੁਤੰਤਰਤਾ, ਸਚਾਈ ਦੇ ਅਟਲ ਪਿਆਰ ਤੇ ਆਚਰਣ ਦੀ ਸਫ਼ਾਈ ਤੇ ਦ੍ਰਿੜ੍ਹਤਾ ਵਿਚ ਦਿਸਦੀ ਹੈ। ਇਸੇ ਸ੍ਵੈਮਾਨ ਦੇ ਕਾਰਨ ਗ਼ਰੀਬ ਆਦਮੀ ਆਪਣੇ ਕੱਚੇ ਕੋਠੇ ਨੂੰ ਲਿੰਬ ਪੋਚ ਕੇ ਰਖਦਾ, ਲੋਕਾਂ ਦੇ ਸਾਮ੍ਹਣੇ ਸੁਅੱਛ ਕਪੜੇ ਪਾ ਕੇ ਆਉਂਦਾ ਅਤੇ ਬਿਗਾਨਿਆਂ ਅਗੇ ਆਪਣੇ ਦੁਖੜੇ ਫੋਲਣ ਤੋਂ ਸੰਗਦਾ ਹੈ। ਐਸੀ ਸ੍ਵੈਮਾਨਤਾ ਵਾਲਾ ਆਦਮੀ ਹੰਗਤਾ, ਚਾਪਲੂਸੀ ਤੇ ਹੋਛੀ ਟਿਚਕਰ ਤੋਂ ਪਰ੍ਹੇ ਨਸਦਾ ਹੈ, ਆਪਣੇ ਗੁੱਸੇ ਨੂੰ ਕਾਬੂ ਵਿਚ ਰਖ ਕੇ ਲੋਕਾਂ ਸਾਮ੍ਹਣੇ ਝਗੜਨ ਜਾਂ ਛਿੱਥਾ ਪੈਣ ਤੋਂ ਝਕਦਾ ਹੈ, ਅਤੇ ਜੇ ਕਿਧਰੇ ਕਿਸੇ ਨਾਲ ਕਰੜਾ ਇਨਸਾਫ਼ ਵਰਤਣਾ ਪਏ, ਤਾਂ ਆਪਣੇ ਫੈਸਲੇ ਨੂੰ ਹੈਂਕੜ ਤੋਂ ਸਾਫ਼ ਕਰ ਕੇ ਸੋਹਣੇ, ਕੋਮਲ ਤੇ ਤਰਸਵਾਨ ਲਹਿਜੇ ਵਿਚ ਜ਼ਾਹਰ ਕਰਦਾ ਹੈ।
ਸਾਊਪਣੇ ਦੀ ਵਰਤੋਂ ਵਿਚ ਇਕ ਹੋਰ ਔਕੜ ਇਸ ਜ਼ਮਾਨੇ ਦੀ ਆਪਣੀ ਪੈਦਾ ਕੀਤੀ ਹੋਈ ਹੈ। ਉਹ ਹੈ ਮਨੁਖਾਂ ਦੀ ਪਰਸਪਰ ਸਮਾਨਤਾ ਦਾ ਖਿਆਲ। ਇਸ ਨਵੇਂ ਖਿਆਲ ਨੇ ਜਿਥੇ ਪੁਰਾਣੀਆਂ ਗ਼ੁਲਾਮੀਆਂ ਦੂਰ ਕਰਨ ਵਿਚ ਸਹਾਇਤਾ ਕੀਤੀ ਹੈ, ਉਥੇ ਕਈ ਤਰ੍ਹਾਂ ਦੀ ਸ਼ੋਖ਼ੀ ਤੇ ਗੁਸਤਾਖ਼ੀ ਵਧਾ ਦਿੱਤੀ ਹੈ, ਜਿਸ ਨਾਲ ਸਾਊਪੁਣਾ ਕਾਇਮ ਨਹੀਂ ਰਹਿੰਦਾ। ਮਸਲਨ, ਕਈਆਂ ਲੋਕਾਂ ਨੂੰ ਖਿਆਲ ਹੋ ਗਿਆ ਹੈ ਕਿ ਪੂਰੀ ਪੂਰੀ ਸਮਾਨਤਾ ਤਦੇ ਹੋ ਸਕਦੀ ਹੈ ਜੇ ਉਮਰ ਅਕਲ ਤੇ ਪਦਵੀ ਦੀ ਵਡਿਆਈ ਦਾ ਲਿਹਾਜ਼ ਛਡ ਕੇ ਸਭ ਨੂੰ ਇਕੋ ਜਿਹਾ ਠੁਠ ਦਿਖਾਇਆ ਜਾਵੇ। ਹੋ ਸਕਦਾ ਹੈ ਕਿ ਸਾਡੇ ਮਾਪੇ ਪੜ੍ਹਾਈ ਵਿਚ ਸਾਥੋਂ ਘਟੀਆ ਹੋਣ, ਪਰ ਇਸ ਕਾਰਣ ਉਨ੍ਹਾਂ ਦੀ ਸਮਝ ਤੇ ਤਜਰਬੇ ਨੂੰ ਹੇਚ ਸਮਝਣਾ ਉਨ੍ਹਾਂ ਦੀ ਨਿਰਾਦਰੀ ਕਰਨਾ ਹੈ। ਸ਼ਰਾਫ਼ਤ ਇਸ ਵਿਚ ਹੈ ਕਿ ਉਨ੍ਹਾਂ ਦੀ ਪਦਵੀ ਦਾ ਅਦਬ ਕਰਦੇ ਹੋਏ ਉਨ੍ਹਾਂ ਦੀਆਂ ਦਲੀਲਾਂ ਨੂੰ ਧੀਰਜ ਨਾਲ ਸੁਣੀਏ
ー੧੪੧ー