ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/150

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਊਪੁਣਾ

ਹੋਈ ਜਿਮੀਂ ਖੋਤਰ ਰਹੀ ਹੈ। ਦੂਜੇ ਪਾਸੇ ਉਸ ਕੋਲੋਂ ਵੀ ਵਧੀਕ ਲੱਜਾਵਾਨ ਹੋਇਆ ਈਸਾ ਬੈਠਾ ਰੇਤ ਉਤੇ ਲੀਕਾਂ ਵਾਹ ਰਿਹਾ ਹੈ, ਤੇ ਅੱਖ ਚਕ ਕੇ ਵੀ ਉਸ ਵਲ ਨਹੀਂ ਵੇਖਦਾ, ਮਤਾਂ ਵਿਚਾਰੀ ਨੂੰ ਮੇਰੇ ਵਲੋਂ ਲੱਜਾ ਆਵੇ! ਅੰਤ ਈਸਾ ਨੇ ਤਰਸ ਤੇ ਪਿਆਰ ਦੇ ਜ਼ੋਰ ਨਾਲ ਕਿਹਾ:-ਬੀਬੀ! ਜਾਹ ਇਉਂ ਫੇਰ ਨਾ ਕਰੀਂ।

ਸਾਊ ਆਦਮੀ ਕਿਸੇ ਦੀ ਭੁੱਲ ਦੇਖ ਕੇ ਆਪਣੇ ਨਿਰਦੋਸ਼ਪੁਣੇ ਦੀ ਆਕੜ ਵਿਚ ਘ੍ਰਿਣਾ ਨਹੀਂ ਕਰਦਾ, ਸਗੋਂ ਉਸ ਦੇ ਅੰਦਰ ਵੜ ਕੇ ਉਸ ਦੀਆਂ ਮਜਬੂਰੀਆਂ, ਸਮਾਜ ਤੇ ਘਰ ਬਾਰ ਦੇ ਆਲੇ-ਦੁਆਲੇ ਦੀਆਂ ਕਮਜ਼ੋਰੀਆਂ ਅਤੇ ਭੁੱਲ ਕਰਨ ਦੇ ਖਾਸ ਕਾਰਨਾਂ ਅਤੇ ਮੌਕਿਆਂ ਉੱਤੇ ਵਿਚਾਰ ਕਰ ਕੇ ਦੋਸ਼ੀ ਨਾਲ ਹਮਦਰਦੀ ਕਰਦਾ ਤੇ ਉਸ ਨੂੰ ਭੁੱਲ ਵਿਚੋਂ ਕਢਣ ਦੇ ਆਹਰ ਲਗਦਾ ਹੈ। ਉਸ ਵਿਚ ਕਿਸੇ ਨੂੰ ਆਪਣੇ ਆਪ ਤੋਂ ਨੀਵਾਂ ਸਮਝਣ ਦੀ ਰੁਚੀ ਤੇ ਸ਼ਰਮਿੰਦਾ ਕਰਨ ਦੀ ਵਿਹਲ ਹੀ ਨਹੀਂ ਹੁੰਦੀ।

ਉਹ ਨਕਸ ਉਸੇ ਆਦਮੀ ਦੇ ਕਢਦਾ ਹੈ ਜਿਸ ਨੂੰ ਉਹ ਆਪ ਪਿਆਰ ਕਰਦਾ ਹੈ ਤੇ ਨੁਕਸਾਂ ਤੋਂ ਬਰੀ ਦੇਖਣਾ ਚਾਹੁੰਦਾ ਹੈ। ਨੁਕਸ ਭੀ ਓਹੀ ਦਸਦਾ ਹੈ ਜਿਹੜੇ ਦੂਰ ਹੋ ਸਕਦੇ ਹੋਣ। ਉਹ ਕਿਸੇ ਦੇ ਕੁਦਰਤੀ ਘਾਟਿਆਂ ਜਾਂ ਦੋਸ਼ਾਂ ਵਲ ਇਸ਼ਾਰਾ ਨਹੀਂ ਕਰਦਾ। ਮਸਲਨ, ਉਹ ਅੰਨ੍ਹੇ ਜਾਂ ਲੂਲ੍ਹੇ ਨੂੰ ਦੇਖ ਕੇ ਉਸ ਦੀ ਸਰੀਰਕ ਹਾਲਤ ਉਤੇ ਮਖ਼ੌਲ ਨਹੀਂ ਕਰਦਾ, ਕਿਉਂਕਿ ਉਹ ਜਾਣਦਾ ਹੈ ਕਿ ਇਹ ਉਸ ਦੇ ਵੱਸ ਦੀ ਗਲ ਨਹੀਂ। ਕਿਸੇ ਦੀ ਗ਼ਰੀਬੀ ਨੂੰ ਭੀ ਆਪਣੀ ਟਿਚਕਰ ਦਾ ਨਿਸ਼ਾਨਾ ਨਹੀਂ ਬਣਾਉਂਦਾ।

ਉਹ ਉਪਕਾਰ ਕਰਨ ਵੇਲੇ ਦਿਖਾਵਾ ਨਹੀਂ ਕਰਦਾ। ਉਹ ਖਿਆਲ ਰਖਦਾ ਹੈ ਕਿ ਜਿਸ ਨਾਲ ਭਲਾ ਕਰਨ ਲੱਗਾ ਹਾਂ ਉਸ ਦੇ ਮਨ ਨੂੰ ਠੀਸ ਨਾ ਲਗੇ, ਉਸ ਨੂੰ ਆਪਣੀ ਗਰੀਬੀ ਜਾਂ ਅਸਮ੍ਰਥਾ ਉਤੇ ਲੱਜਾ ਨਾ ਆਵੇ। ਅਸੀਂ ਕਈ ਵਾਰੀ ਦਾਨ ਕਰਨ ਲੱਗਿਆਂ ਨਾ ਕੇਵਲ ਆਪਣੀ

ー੧੪੭ー