ਸਾਊਪੁਣਾ
ਕਰ ਕੇ ਇਕ ਚੰਗੇ ਲਾਇਕ ਮੁਸਲਮਾਣ ਨਾਲ ਉਸ ਦਾ ਨਿਕਾਹ ਪੜ੍ਹਵਾ ਦਿੱਤਾ। ਇਹੋ ਜਿਹੀ ਸ਼ਰਾਫ਼ਤ ਦੇ ਨਮੂਨੇ ਮੁਸਲਮਾਣਾਂ ਤੇ ਹਿੰਦੂਆਂ ਵਿਚ ਵੀ ਮਿਲਦੇ ਹਨ।
ਸ਼ਰਾਫ਼ਤ ਦੇ ਹੋਰ ਭੀ ਕਈ ਗੁਣ ਹਨ ਜੋ ਭਾਈਚਾਰੇ ਦੀ ਸੋਹਣੀ ਵਰਤੋਂ ਵਿਚ ਸ਼ਾਮਲ ਹਨ। ਸਾਊ ਲੋਕ ਕਿਸੇ ਦੇ ਸਾਮ੍ਹਣੇ ਕਾਨਾਫੂਸੀ ਨਹੀਂ ਕਰਦੇ, ਦੂਜਿਆਂ ਦੀ ਪਿਠ ਪਿਛੇ ਨਿੰਦਾ ਨਹੀਂ ਕਰਦੇ, ਲੋਕਾਂ ਦੇ ਸਾਮ੍ਹਣੇ ਨੌਕਰਾਂ ਜਾਂ ਬਚਿਆਂ ਨੂੰ ਉੱਚੀ ਉੱਚੀ ਨਹੀਂ ਕੋਸਦੇ, ਨਾ ਹੀ ਘਰ ਦੇ ਝਗੜੇ ਛੇੜ ਬਹਿੰਦੇ ਹਨ। ਪ੍ਰਾਹੁਣੇ ਦੇ ਸਾਮ੍ਹਣੇ ਕਿਸੇ ਨੂੰ ਗੁਸੇ ਹੋਣਾ ਪ੍ਰਾਹੁਣੇ ਦੀ ਨਿਰਾਦਰੀ ਕਰਨਾ ਹੈ। ਕਿਸੇ ਦੇ ਮੂੰਹ ਉਤੇ ਉਸ ਦੀ ਸਿਫ਼ਤ ਕਰਨਾ ਉਸ ਨੂੰ ਸ਼ਰਮਿੰਦਾ ਕਰਨਾ ਹੈ, ਇਸ ਲਈ ਇਹ ਕਮੀਨਗੀ ਵਿਚ ਸ਼ਾਮਲ ਹੈ। ਬਿਨਾਂ ਕੰਮ ਦੇ ਕਿਸੇ ਪਾਸ ਬਹਿ ਰਹਿਣਾ, ਲੰਮੀਆਂ ਲੰਮੀਆਂ ਗਲਾਂ ਕਰ ਕੇ ਵਕਤ ਗੁਆਉਣਾ, ਤੇ ਉਸ ਨੂੰ ਮੁੜ ਮੁੜ ਘੜੀ ਕਢ ਕੇ ਦਿਖਾਉਣ ਤੇ ਮਜਬੂਰ ਕਰਨਾ ਚੰਗਾ ਨਹੀਂ। ਜਦ ਕਿਸੇ ਪਾਸ ਜਾਈਏ, ਤਾਂ ਜਦ ਤਕ ਉਹ ਆਪੇ ਕੁਰਸੀ ਨਾ ਦਏ ਜਾਂ ਬੈਠਣ ਲਈ ਨਾ ਕਹੇ, ਤਦ ਤਕ ਬੈਠਣਾ ਨਹੀਂ ਚਾਹੀਦਾ। (ਕਈ ਤਾਂ ਐਸੇ ਅਲ੍ਹੜ ਜਾਂ ਆਕੜਖ਼ਾਨ ਹੁੰਦੇ ਹਨ ਕਿ ਚਿਰਾਂ ਤਾਈਂ ਖੜੇ ਰਹੋ ਤਾਂ ਭੀ ਓਹ ਬਹਿਣ ਲਈ ਨਹੀਂ ਕਹਿੰਦੇ। ਆਪਣੀ ਅਫ਼ਸਰੀ ਇਸੇ ਵਿਚ ਸਮਝਦੇ ਹਨ।) ਆਪਣੇ ਵਤਨੀ ਭਰਾ ਨਾਲ ਆਪਣੀ ਮਾਦਰੀ ਬੋਲੀ ਛੱਡ ਕੇ ਕਿਸੇ ਹੋਰ ਬੋਲੀ ਵਿਚ ਗਲ ਬਾਤ ਕਰਨੀ ਇਕ ਤਰ੍ਹਾਂ ਦਾ ਦਿਖਾਵਾ ਹੈ, ਜੋ ਸਾਊ ਆਦਮੀਆਂ ਨੂੰ ਨਹੀਂ ਜਚਦਾ। ਜਦ ਸਭਾ ਲਗੀ ਹੋਵੇ ਤਾਂ ਦੇਰ ਨਾਲ ਆਉਣਾ ਚੰਗਾ ਨਹੀਂ। ਜਦ ਆਓ ਤਾਂ ਖਿਮਾ ਮੰਗ ਕੇ ਬੈਠੋ। ਜਿਹੜਾ ਆਦਮੀ ਗਲ ਬਾਤ ਕਰ ਰਿਹਾ ਹੈ, ਉਸ ਨੂੰ ਚਾਹੀਦਾ ਹੈ ਕਿ ਨਵੇਂ ਆਏ ਸਜਣ ਲਈ ਜੋ ਕੁਝ ਕਿਹਾ ਜਾ ਚੁਕਾ ਹੈ ਜਾਂ ਜੋ ਕੁਝ ਨਜਿਠਿਆ ਜਾ ਚੁਕਾ ਹੈ, ਉਸ ਦਾ ਸਾਰ-ਅੰਸ ਸੁਣਾ ਦੇਵੇ। ਸੁਣਨ ਵਾਲਿਆਂ ਨੂੰ
ー੧੫੧ー