ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/153

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਥਾਂ ਸਾਰੇ ਧਰਮ ਮਨੁਖ ਨੂੰ ਪੂਰਣਤਾ ਦੇ ਸਕਦੇ ਹਨ।

ਜੇ ਇਹ ਖਿਆਲ ਮੰਨ ਲਈਏ ਤਾਂ ਅਜਕਲ ਦੀਆਂ ਆਮ ਮਿਸ਼ਨਰੀ ਮੁਹਿੰਮਾਂ ਸਾਊਪੁਣੇ ਦੇ ਮਇਆਰ ਤੇ ਪੂਰੀਆਂ ਨਹੀਂ ਉਤਰਦੀਆਂ। ਹਰ ਇਕ ਆਦਮੀ ਨੂੰ ਇਹ ਖੁਲ੍ਹ ਹੋਣੀ ਚਾਹੀਦੀ ਹੈ ਕਿ ਉਹ ਕੋਈ ਧਰਮ ਧਾਰਨ ਕਰ ਲਵੇ, ਅਤੇ ਉਸ ਦੇ ਇਸ ਕੰਮ ਵਿਚ ਸਰੇ ਬਣੇ ਸਾਨੂੰ ਹਰ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ, ਪਰ ਇਸ ਕੰਮ ਵਿਚ ਨਿਰੀ ਗਿਣਤੀ ਵਧਾ ਕੇ ਪੁੰਨ ਖਟਣ ਦਾ ਖਿਆਲ ਜਾਂ ਜਿੱਤ ਪ੍ਰਾਪਤ ਕਰਨ ਦਾ ਭਾਵ ਚੰਗਾ ਨਹੀਂ। ਇਹ ਇੱਕ ਪੁਰਾਣੀ ਸ਼ਹਨਸ਼ਾਨੀਅਤ ਵਾਲਾ ਖਿਆਲ ਹੈ, ਜੋ ਜਿਵੇਂ ਮੁਲਕੀ ਮਾਮਲਿਆਂ ਵਿਚੋਂ ਦੂਰ ਹੋ ਰਿਹਾ ਹੈ ਤਿਵੇਂ ਧਰਮ ਦੇ ਦਾਇਰੇ ਵਿਚੋਂ ਵੀ ਦੂਰ ਹੋ ਜਾਏਗਾ। ਸੇਵਾ ਜਾਂ ਉਪਕਾਰ ਦੇ ਇਰਾਦੇ ਨਾਲ ਸਕੂਲ ਜਾਂ ਹਸਪਤਾਲ ਖੋਲ੍ਹਣੇ ਚੰਗੇ ਹਨ, ਪਰ ਉਨ੍ਹਾਂ ਦੇ ਪਰਦੇ ਹੇਠ ਦੂਜਿਆਂ ਦੇ ਦਿਲਾਂ ਉਤੇ ਮਜ਼੍ਹਬੀ ਗ਼ਲਬਾ ਪਾਉਣ ਦਾ ਜਤਨ ਕਰਨਾ ਨਾ ਸਿਰਫ ਅਸਾਊਪੁਣਾ ਹੈ ਬਲਕਿ ਪਾਪ ਹੈ। ਇਕ ਸਿਖ ਦਾ ਕਿਸੇ ਚੰਗੇ ਭਲੇ ਗੈਰ-ਸਿਖ ਭਰਾ ਨੂੰ ਗਰੀਬੀ ਵਿਚ ਤਕ ਕੇ ਕਹਿਣਾ ਕਿ ਤੂੰ ਆਪਣਾ ਧਰਮ ਛਡ ਕੇ ਮੇਰੇ ਧਰਮ ਵਿਚ ਆ ਜਾ ਨਿਰੀ ਗੁਸਤਾਖੀ ਹੈ। ਏਥੇ ਮੈਨੂੰ ਅਜਕਲ ਦੇ ਇਕ ਧਰਮੀ ਸਾਊ ਦੀ ਮਿਸਾਲ ਚੇਤੇ ਆਉਂਦੀ ਹੈ। ਭਾਈ ਤਾਰਾ ਸਿੰਘ ਸ਼ਾਹਦਰਾ (ਲਾਹੌਰ) ਦਾ ਵਸਨੀਕ ਸੀ। ਉਸ ਦਾ ਇਕ ਮੁਸਲਮਾਣ ਦੋਸਤ ਮਰਨ ਲਗਿਆਂ ਆਪਣੀ ਤਿੰਨ ਸਾਲ ਦੀ ਛੋਟੀ ਧੀ ਉਸ ਦੇ ਹਵਾਲੇ ਕਰ ਗਿਆ। ਉਸ ਨੇ ਇਸ ਅਮਾਨਤ ਨੂੰ ਚੰਗੀ ਤਰ੍ਹਾਂ ਨਿਬਾਹਿਆ। ਉਸ ਨੇ ਉਸ ਬਾਲੜੀ ਨੂੰ ਧੀਆਂ ਵਾਂਗ ਪਾਲ ਪੋਸ ਕੇ ਵੱਡਾ ਕੀਤਾ, ਪਰ ਉਸ ਦੇ ਧਰਮ ਜਾਂ ਨਿਸਚੇ ਵਿਚ ਕਿਸੇ ਤਰ੍ਹਾਂ ਨਾਲ ਦਖ਼ਲ ਨਾ ਦਿੱਤਾ। ਉਸ ਨੂੰ ਇਕ ਹਾਫ਼ਜ਼ ਰੱਖ ਕੇ ਕੁਰਾਨ ਮਜੀਦ ਦਾ ਪਾਠ ਪੜ੍ਹਾਇਆ ਤੇ ਸਮਝਾਇਆ ਅਤੇ ਇਕ ਚੰਗੇ ਮੁਸਲਮਾਣ ਵਰਗੀ ਤਾਲੀਮ ਦੁਆਈ। ਜਦ ਵਿਆਹੁਣ ਜੋਗੀ ਹੋਈ ਤਾਂ ਆਪਣੇ ਪਾਸੋਂ ਸਾਰਾ ਖ਼ਰਚ

ー੧੫੦ー