ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/159

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਕਰ ਸਕਦੇ ਹਨ ਜਿਨ੍ਹਾਂ ਦਾ ਅਸਰ ਸਦੀਵੀ ਤੇ ਜੀਵਣ-ਪਪਲਾਊ ਹੁੰਦਾ ਹੈ। ਜਿਸ ਕਿਸੇ ਨੂੰ ਭਗਤ ਲਛਮਣ ਸਿੰਘ ਜੀ ਅਤੇ ਭਾਈ ਵੀਰ ਸਿੰਘ ਜੀ ਨਾਲ ਬਹਿ ਕੇ ਗੱਲਾਂ ਕਰਨ ਦਾ ਅਵਸਰ ਮਿਲਿਆ ਹੈ, ਓਹ ਦਸ ਸਕਦੇ ਹਨ ਕਿ ਪ੍ਰਾਈਵੇਟ ਗਲ ਬਾਤ ਕਰਨ ਵਿਚ ਇਹ ਸਜਣ ਕਿਤਨੀ ਕਰਾਮਾਤੀ ਸ਼ਕਤੀ ਰਖਦੇ ਹਨ। ਇਨ੍ਹਾਂ ਨੇ ਆਪਣੀਆਂ ਲਿਖਤਾਂ ਦੁਆਰਾ ਜੋ ਅਸਰ ਲੋਕਾਂ ਦੇ ਆਚਰਣ ਬਣਾਉਣ ਵਿਚ ਕੀਤਾ ਹੈ ਉਸ ਤੋਂ ਬਹੁਤ ਜਿਆਦਾ ਅਸਰ ਇਨ੍ਹਾਂ ਦੀਆਂ ਗੱਲਾਂ ਦਾ ਹੋਇਆ ਹੈ। ਭਗਤ ਜੀ ਨੇ ਪਿੰਡੀ ਤੋਂ ਸੈਦਪੁਰ ਨੂੰ ਜਾਂਦੀ ਸੜਕ ਉਤੇ ਸੈਰ ਕਰਦਿਆਂ ਆਪਣੀਆਂ ਅਮੁੱਕ ਗੱਲਾਂ ਨਾਲ ਕਿਤਨਿਆਂ ਨੌਜਵਾਨਾਂ ਦੇ ਦਿਲਾਂ ਵਿਚ ਦਸਮੇਸ਼ ਜੀ ਲਈ ਸ਼ਰਧਾ ਭਰੀ, ਪੰਥਕ ਸੇਵਾ ਲਈ ਉਤਸ਼ਾਹ ਦਿਤਾ ਤੇ ਕੋਸ ਕੇ, ਪੁਚਕਾਰ ਕੇ, ਕੁਰਾਹੋਂ ਰਾਹੇ ਪਾਇਆ! ਭਾਈ ਵੀਰ ਸਿੰਘ ਜੀ ਨੇ ਆਪਣੇ ਸੋਹਣੇ ਬਾਗ਼ ਦੇ ਕੋਮਲ ਦੁਆਲੇ ਵਿਚ ਬਹਿ ਕੇ, ਆਪਣੀਆਂ ਗੱਲਾਂ ਦੀ ਮੀਂਹ ਵਾਂਗੂ ਕਿਣ-ਮਿਣ ਲਾ ਕੇ, ਕਿਤਨਿਆਂ ਦੇ ਜੀਵਣ ਵਿਚ ਰਸ ਭਰਿਆ, ਸੁਗੰਧਤ ਕੀਤਾ ਤੇ ਕੋਮਲ ਬਣਾਇਆ!

ਇਸੇ ਤਰ੍ਹਾਂ ਹਰ ਸ਼ਹਿਰ, ਹਰ ਪਿੰਡ ਵਿਚ ਕੁਝ ਕੁ ਆਦਮੀ ਹੁੰਦੇ ਹਨ ਜੋ ਕਿਤਾਬਾਂ ਤਾਂ ਨਹੀਂ ਲਿਖਦੇ, ਤੇ ਨਾ ਕਿਧਰੇ ਖੜੋ ਕੇ ਲੈਕਚਰ ਕਰਦੇ ਹਨ, ਪਰ ਪਰ੍ਹੇ ਵਿਚ ਬਹਿ ਕੇ ਜੋ ਅਸਰ ਓਹ ਆਪਣੀਆਂ ਗੱਲਾਂ ਨਾਲ ਪਾਂਦੇ ਹਨ, ਉਸ ਦੇ ਨਾਲ ਦਾ ਅਸਰ ਪਿੰਡ ਦਾ ਗ੍ਰੰਥੀ, ਪੰਡਤ ਜਾਂ ਮੱਲਾਂ ਭੀ ਨਹੀਂ ਪਾ ਸਕਦਾ। ਗੁਰਦੁਆਰਿਆਂ, ਮੰਦਰਾਂ ਤੇ ਮਸੀਤਾਂ ਵਿਚ ਜੋ ਕੁਝ ਥੋਕ ਕਰਕੇ ਵਿਕਦਾ ਹੈ, ਇਥੇ ਪਰਚੂਣ ਕਰਕੇ ਵਿਹਾਜਿਆ ਜਾਂਦਾ ਹੈ; ਜੋ ਉਥੇ ਖ਼ਰਾਸ ਵਾਂਗੂ ਦਰਾਲ੍ਹਿਆ ਜਾਂਦਾ ਹੈ, ਇਥੇ ਚੱਕੀ ਵਾਂਗੂ ਮਹੀਨ ਪੀਠਾ ਜਾਂਦਾ ਹੈ; ਜਾਂ ਇਉਂ ਕਹੋ ਕਿ ਜੋ ਉਥੇ ਬਿਨਾਂ ਸੋਚੇ ਸਮਝੇ ਨਿਗਲਿਆ ਜਾਂਦਾ ਹੈ, ਉਹ ਉਥੇ ਉਗਾਲੀ ਕਰ ਕੇ ਪਚਾਇਆ ਜਾਂਦਾ ਹੈ। ਇਹ ਇਕ ਪਾਰਲੀਮਿੰਟ ਹੈ ਜੋ ਹਰ

ー੧੫੬ー