ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਸ-ਰਸ ਅਤੇ ਧਰਮ

ਸਾਡੇ ਦੇਸ ਵਿਚ ਹਾਸ-ਰਸ ਦਾ ਘਾਟਾ ਨਹੀਂ। ਜਿਥੇ ਅਰੋਗਤਾ, ਖੁਲ੍ਹ ਤੇ ਖ਼ੁਸ਼-ਦਿਲੀ ਹੈ, ਉਥੇ ਹਾਸਾ ਮਖ਼ੌਲ ਜ਼ਰੂਰ ਹੋਵੇਗਾ। ਪਰ ਸਿਆਣੇ ਤੇ ਧਾਰਮਕ ਲਿਖਾਰੀ ਆਮ ਤੌਰ ਤੇ ਇਸ ਤੋਂ ਕੰਨੀ ਕਤਰਾਉਂਦੇ ਦਿਸਦੇ ਹਨ।

ਸਾਹਿੱਤਵਾਦੀਆਂ ਨੇ ਨੌਂ ਰਸ ਮੰਨੇ ਹਨ। ਉਨ੍ਹਾਂ ਵਿਚ ਹਾਸ-ਰਸ ਨੂੰ ਥਾਂ ਤਾਂ ਦਿਤੀ ਹੈ, ਪਰ ਇਸ ਨੂੰ ਕੋਈ ਉੱਚਾ ਰਸ ਨਹੀਂ ਮੰਨਿਆ। ਇਸ ਨੂੰ ਇਕ ਨੀਵੇਂ ਦਰਜੇ ਦੀ ਰੁਚੀ ਮੰਨ ਕੇ ਬਹੁਤ ਅਪਣਾਇਆ ਨਹੀਂ। ਆਮ-ਤੌਰ ਤੇ ਹਾਸ-ਰਸ ਤੋਂ ਭਾਵ ਨਿਰਾ ਠੱਠਾ ਮਖ਼ੌਲ ਹੀ ਲਿਆ ਜਾਂਦਾ ਹੈ, ਪਰ ਜਿਉਂ ਜਿਉਂ ਮਨੁੱਖੀ ਆਚਰਣ ਦੇ ਕੋਮਲ ਪਾਸਿਆਂ ਵਲ ਵਧੇਰੇ ਧਿਆਨ ਕੀਤਾ ਜਾ ਰਿਹਾ ਹੈ, ਤਿਉਂ ਤਿਉਂ ਹਾਸ-ਰਸ ਦੀ ਲੋੜ ਅਤੇ ਇਹਦੇ ਡੂੰਘੇ ਭਾਵਾਂ ਦੀ ਕਦਰ ਵਧ ਰਹੀ ਹੈ।

ਅਸਲ ਵਿਚ ਹਾਸ-ਰਸ ਕੋਈ ਵੇਲਾ ਟਪਾਉਣ ਦਾ ਸਮਿਆਨ ਜਾਂ ਵਿਹਲੜਾਂ ਦੀ ਗੱਪ ਸ਼ੱਪ ਦਾ ਨਾਂ ਨਹੀਂ। ਇਹ ਸਾਡੇ ਅੰਦਰ ਜ਼ਮੀਰ ਜਾਂ ਅੰਤਹਕਰਣ ਵਾਂਗੂ ਇਕ ਕੋਮਲ ਭਾਵ ਬਣਾ ਕੇ ਰਖਿਆ ਗਿਆ ਹੈ, ਜਿਸ ਦੀ ਮਦਦ ਨਾਲ ਅਸੀਂ ਕੁਢੰਗੀ ਗਲ ਝਟ ਪਛਾਣ ਜਾਂਦੇ ਹਾਂ ਅਤੇ ਅਤਿ ਚੁਕਣ ਤੋਂ ਬਚੇ ਰਹਿੰਦੇ ਹਾਂ। ਜਿਵੇਂ ਜ਼ਮੀਰ ਜਾਂ ਅੰਤਹਕਰਣ ਦਾ ਕੰਮ ਹੈ ਕਿ ਜਦ ਕੋਈ ਖ਼ਿਆਲ ਜਾਂ ਕੰਮ ਇਖ਼ਲਾਕੀ ਤੌਰ ਤੇ ਮੰਦਾ ਹੋਣ ਲਗੇ ਤਾਂ ਸਾਨੂੰ ਝਟ ਪਟ ਆਗਾਹ ਕਰ ਦੇਵੇ, ਤਿਵੇਂ ਹਾਸ-ਰਸ ਦਾ ਕੰਮ ਹੈ ਕਿ ਜਦ ਸਾਡੇ ਸਾਹਮਣੇ ਕੋਈ ਗਲ ਯੋਗਤਾ ਦੇ ਠਿਕਾਣੇ ਤੋਂ ਹਿਲ ਜਾਵੇ ਜਾਂ ਸੁਹਜ ਦੇ ਪੈਂਤੜੇ ਤੋਂ ਕੁਢੰਗਾ ਰੌਂ ਪਕੜਦੀ ਦਿਸੇ, ਤਾਂ ਝਟ ਸਾਨੂੰ ਪਤਾ ਦੇ ਦੇਵੇ, ਅਤੇ ਜੇ ਅਸੀਂ ਆਪ ਕੋਈ ਬੇਸੁਰੀ ਗਲ ਕਰਨ ਲਗੀਏ ਤਾਂ ਰੁਕ

ー੩੧ー