ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/33

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਨਵੀਆਂ ਸੋਚਾਂ

ਵਜ਼ਨ ਉਤੇ 'ਪਾਪੜ-ਤੋੜ ਸਿੰਘ' ਜਾਂ 'ਤਹ-ਤੋੜ ਸਿੰਘ',ਅਤੇ 'ਬੋਨਾ ਪਾਰਟ' ਦੇ ਵਜ਼ਨ ਉਤੇ 'ਪੋਨਾ-ਪਾੜ' ਬਣਾਣਾ ਇਕ ਮਸ਼ਕੂਲਾ ਹੈ।

(੭) ਬਹੁ-ਅਰਥੇ ਲਫਜ਼ ਵਰਤਣੇ। ਇਸ ਨੂੰ ਯਮਕ ਅਲੰਕਾਰ ਭੀ ਕਹਿੰਦੇ ਹਨ। ਇਸ ਦੀ ਵਰਤੋਂ ਅਜ ਕਲ ਬਹੁਤ ਪਸੰਦ ਨਹੀਂ ਕੀਤੀ ਜਾਂਦੀ। ਮਿਸਾਲ:

'ਭਾਈ ਲਹਿਣਾ! ਤੇ ਲਹਿਣਾ ਤੇ ਮੈਂ ਦੇਣਾ।'

'ਰਾਹ ਦੇ ਰਾਹ ਦੇ ਹਰ ਕੋਈ ਆਖੇ; ਕਿਸ ਕਿਸ ਨੂੰ ਉਹ ਰਾਹ ਦੇ? ਜੇ ਰਾਧੇ ਨਿਤ ਨਾਮ ਅਰਾਧੇ, ਤਦ ਭੇਦ ਖੁਲ੍ਹਣ ਉਸ ਰਾਹ ਦੇ। ਇਕ ਰਾਧੇ ਦੇ ਵੇਖਣ ਕਾਰਨ, ਕਈ ਖੜੇ ਵਿਚ ਰਾਹ ਦੇ! ਬਿਨ ਰਾਹ ਦਸਿਆਂ ਭੇਦ ਨ ਖੁਲ੍ਹਦਾ, ਕਈ ਭੁਲੇ ਫਿਰਨ ਵਿਚ ਰਾਹ ਦੇ।'

ਕਈ ਵੇਰ ਲਫਜ਼ ਦੇ ਇਕ ਭਾਵ ਨੂੰ ਸਾਹਮਣੇ ਲਿਆ ਜਾਂਦਾ ਹੈ, ਪਰ ਉਸ ਦੇ ਦੂਜੇ ਭਾਵ ਵਲ ਗੁਝਾ ਇਸ਼ਾਰਾ ਹੁੰਦਾ ਹੈ ਜੋ ਇਕ ਨਵਾਂ ਚਮਤਕਾਰ ਪੈਦਾ ਕਰ ਦਿੰਦਾ ਹੈ। ਜਿਵੇਂ———

'ਮੋਟਰ ਦਾ ਤੇਲ ਵੀ ਮਸੇਂ ਬਨਾਰਸ ਮੁੜ ਪਹੁੰਚਣ ਜੋਗਾ ਰਹਿ ਗਿਆ ਸੀ ਤੇ ਅੱਗੇ ਰਾਹ ਭੀ ਕੋਈ ਨਹੀਂ ਸੀ। ਤਾਂਤੇ ਸਿਧ ਹੋਇਆ ਕਿ ਕਾਂਸ਼ੀ ਜੀ ਪੁਜੇ ਬਗੈਰ 'ਗਤੀ' ਹੋਣੀ ਮੁਸ਼ਕਲ ਹੈ।'

'ਸੁਥਰਾ ਹਸਿਆ। ਜਾਤ-ਜੂਤ ਤੋਂ ਸੌ ਸੌ ਕੋਹਾਂ ਨਸਿਆ
('ਬਾਦਸ਼ਾਹੀਆਂ')।

ਇਥੇ 'ਜੂਤ' ਦੋ ਤਰ੍ਹਾਂ ਨਾਲ ਵਰਤਿਆ ਗਿਆ ਹੈ: ਇਕ ਤਾਂ ਮੁਹਮਲ ਕਰਕੇ; ਜਿਵੇਂ ਕਹੀਦਾ ਹੈ 'ਮੈਂ ਮਤ ਸ਼ਤ ਕੋਈ ਨਹੀਂ ਦਿੰਦਾ, 'ਤੂੰ ਖ਼ਬਰ ਅਤਰ ਲੈਣ ਨਹੀਂ ਆਇਆ।' ਦੂਜਾ ਅਰਥ 'ਜੁਤੀ ਨੂੰ ਵਡਿਆ ਕੇ 'ਜੂਤ' ਕਹੀਦਾ ਹੈ।

ー੩੦ー