ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਤੋਂ ਇਉਂ ਜਾਪਦਾ ਹੈ ਜਿਵੇਂ ਸਿੱਖਾਂ ਲਈ ਦੁਖ ਤੇ ਭੈ ਦਾ ਨਾਸ ਹੀ ਹੋ ਗਿਆ ਹੁੰਦਾ ਹੈ। ਇਸ ਬੋਲੀ ਦੇ ਮੁਹਾਵਰਿਆਂ ਨੂੰ 'ਸਿੰਘਾਂ ਦੇ ਬੋਲੇ' ਕਹਿੰਦੇ ਸਨ। ਕੋਈ ਮਰ ਜਾਏ ਤਾਂ ਚੜ੍ਹਾਈ ਕਰ ਗਿਆ ਕਹਿੰਦੇ ਸਨ, ਮਾਨੋ ਪ੍ਰਾਣੀ ਅਗਲੇ ਜਹਾਨ ਉਤੇ ਹਮਲਾ ਕਰਨ ਗਿਆ ਹੈ। ਸਿੱਖ ਭੁੱਖਾ ਹੋਵੇ ਤਾਂ ਲੰਗਰ ਮਸਤਾਨੇ ਕਹਿੰਦੇ ਸਨ। ਛੋਲਿਆਂ ਨੂੰ ਬਦਾਮ, ਤੇ ਪਿਆਜ਼ ਨੂੰ ਰੁੱਪਾ ਕਹਿੰਦੇ ਸਨ ਅਤੇ ਰੁਪਿਆਂ ਨੂੰ ਛਿਲੜ। ਕੋਈ ਉੱਚਾ ਸੁਣਦਾ ਹੋਵੇ, ਤਾਂ ਕਹਿੰਦੇ ਸਨ ਕਿ ਖ਼ਾਲਸਾ ਚੁਬਾਰੇ ਚੜ੍ਹਿਆ ਹੋਇਆ ਹੈ। ਅੰਨ੍ਹੇ ਨੂੰ ਸੂਰਮਾ ਤੇ ਲੰਙੇ ਨੂੰ ਸੁਚਾਲਾ ਸਿੰਘ, ਮੋਟੇ ਸੋਟੇ ਨੂੰ ਅਕਲਦਾਨ ਜਾਂ ਕਾਨੂੰਗੋ, ਅਤੇ ਘਾਹ ਕਟਣ ਨੂੰ ਬਾਜ਼ ਉਡਾਉਣਾ! ਇਹੋ ਜਹੇ ਹਜ਼ਾਰਾਂ ਹੋਰ ਬੋਲੇ ਹਨ, ਜਿਨ੍ਹਾਂ ਤੋਂ ਇਹ ਪਤਾ ਲਗਦਾ ਹੈ ਕਿ ਸਿਖਾਂ ਵਿਚ ਜਿਥੇ ਧਰਮ ਸੀ, ਉਥੇ ਨਾਲ ਮਰਦਊਪੁਣਾ ਤੇ ਹਾਸ-ਰਸ ਭੀ ਸੀ। ਧਰਮ ਸਾਰੀ ਜ਼ਿੰਦਗੀ ਨੂੰ ਪ੍ਰਫੁੱਲਤ ਕਰਦਾ ਹੈ, ਤੇ ਜਿਥੇ ਇਹ ਸ਼ੁਭ ਕਰਮਾਂ ਦੇ ਪੱਤੇ ਪੈਦਾ ਕਰਦਾ ਹੈ, ਉਥੇ ਵਿਗਾਸ ਵਾਲੀ ਤਬੀਅਤ ਦਾ ਫੁੱਲ ਭੀ ਖਿੜਾਉਂਦਾ ਹੈ।

ー੪੦ー