ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/81

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨਵੀਆਂ ਸੋਚਾਂ

(ਦੇਖੋ ਭਾਈ ਪਰਮਾਨੰਦ ਜੀ ਦਾ ਲਿਖਿਆ ਪੰਜਾਬ ਦਾ ਇਤਿਹਾਸ।) ਪਰ ਗੁਰੂ ਨਾਨਕ ਦੇਵ ਜੀ, ਜੋ ਉਸ ਸਾਕੇ ਦੇ ਸਮਕਾਲੀ ਸਨ ਅਤੇ ਸਾਡੀ ਕਮਜ਼ੋਰੀ ਨੂੰ ਸਾਮ੍ਹਣੇ ਦੇਖ ਰਹੇ ਸਨ, ਇਉਂ ਫ਼ੁਰਮਾਉਂਦੇ ਹਨ:

'ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ' (ਆਸਾ)।

ਜਿਸ ਨੂੰ ਹਰੀ ਨੇ ਆਪ ਭੁਲਾਣਾ ਹੁੰਦਾ ਹੈ, ਉਸ ਤੋਂ ਨੇਕੀ ਖੋਹ ਲੈਂਦਾ ਹੈ। ਹਿੰਦ-ਵਾਸੀਆਂ ਦੇ ਹਾਰ ਜਾਣ ਦਾ ਕਾਰਨ ਇਹ ਸੀ ਕਿ ਉਨ੍ਹਾਂ ਵਿਚੋਂ ਨੇਕੀ ਨਿਕਲ ਗਈ ਸੀ। ਇਨ੍ਹਾਂ ਲੋਕਾਂ ਵਿਚੋਂ ਸਾਦਗੀ, ਪਵਿੱਤਰਤਾ, ਕੁਰਬਾਨੀ ਅਤੇ ਹਰੀ ਦਾ ਪਿਆਰ ਗੁੰਮ ਹੋ ਚੁਕਾ ਸੀ। ਜਿਹੜੇ ਲੋਧੀ ਸੁਲਤਾਨ ਇਨ੍ਹਾਂ ਉਤੇ ਰਾਜ ਕਰ ਰਹੇ ਸਨ ਓਹਨਾਂ ਨੂੰ ਹਿੰਦ ਜਹੇ ਕੀਮਤੀ ਰਤਨ ਦੀ ਕਦਰ ਨਹੀਂ ਸੀ:

'ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆਂ ਸਾਰ ਨ ਕਾਈ' (ਆਸਾ)।

ਇਨ੍ਹਾਂ ਕਮੀਨੇ ਪਠਾਣਾਂ ਨੇ ਹੀਰੇ ਵਰਗੇ ਹਿੰਦੁਸਤਾਨ ਨੂੰ ਘਟੇ ਕੌਡੀ ਰੋਲ ਦਿਤਾ ਹੈ (ਭਾਵ ਮੁਗ਼ਲਾਂ ਦੇ ਸਾਮ੍ਹਣੇ ਬਹੁਤ ਅੜੇ ਨਹੀਂ ਤੇ ਇਹੋ ਜਿਹਾ ਕੀਮਤੀ ਦੇਸ ਐਵੇਂ ਹੀ ਖੁਹਾ ਬੈਠੇ ਹਨ)। ਮਰਨ ਪਿਛੋਂ ਇਨ੍ਹਾਂ ਨੂੰ ਕਿਸੇ ਚੇਤੇ ਵੀ ਨਹੀਂ ਕਰਨਾ।

ਜਿਥੇ ਰਾਜਿਆਂ ਨੂੰ 'ਕਲ ਕਾਤੀ ਰਾਜੇ ਕਾਸਾਈ' ਜਾਂ 'ਲਬੁ ਪਾਪੁ ਦੋਇ ਰਾਜਾ ਮਹਿਤਾ' ਕਿਹਾ ਹੈ, ਉਥੇ ਪਰਜਾ ਦੀ ਕਮਜ਼ੋਰੀ ਦਸਣ ਵਿਚ ਸੰਕੋਚ ਨਹੀਂ ਕੀਤਾ। 'ਅੰਧੀ ਰਈਯਤਿ ਗਿਆਨ ਵਿਹੂਣੀ ਭਾਹਿ ਭਰਹਿ ਮੁਰਦਾਰ' (ਵਾਰ ਆਸਾ)। ਭਾਵ ਰਈਅਤਿ ਬੇਸਮਝੀ ਦੇ ਕਾਰਨ ਅੰਨ੍ਹੀ ਹੋਈ ਪਈ ਹੈ, ਅਤੇ ਮੁਰਦਿਆਂ ਵਾਕਰ ਵਫ਼ਾਦਾਰੀ ਦਾ ਦਮ ਭਰਦੀ ਹੈ! ਇਹੋ ਜਹੀ ਕਮਜ਼ੋਰੀ ਕਰਕੇ ਸਾਰੀ ਦੀ ਸਾਰੀ ਕੌਮ ਪ੍ਰਦੇਸੀ ਹਮਲਾ-ਆਵਰਾਂ ਦੇ ਅਗੇ ਭੇਡਾਂ ਬਕਰੀਆਂ ਵਾਕਰ ਹੀਣੀ ਹੋ ਕੇ ਚਲਦੀ ਹੈ। ਜਦ

ー੭੮ー