ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਗਲ ਬਾਤ ਦੇ ਰਾਹੀਂ ਨਿਪਟਾਣ ਨੂੰ ਚੰਗਾ ਸਮਝਣ ਲੱਗ ਪਈਆਂ ਹਨ। ਕੌਮਾਂਤਰੀ ਲੀਗ ਦੀ ਕਵਨੈਂਟ ਦੇ ਨੇਮ ੨੨ ਦੇ ਅਨੁਸਾਰ ਕਿਸੇ ਕੌਮ ਨੂੰ ਦੂਜੀ ਕੌਮ ਉਤੇ ਰਾਜ ਕਰਨ ਦਾ ਮੈਂਡੇਟ (ਅਧਿਕਾਰ) ਮਹਕੂਮ ਕੌਮ ਦੀ ਮਰਜ਼ੀ ਨਾਲ ਹੀ ਮਿਲ ਸਕਦਾ ਹੈ।

ਰਾਜ-ਪ੍ਰਬੰਧ ਦੇ ਤਰੀਕਿਆਂ ਵਿਚ ਭੀ ਇਹ ਬਿਹਤਰੀ ਹੋ ਗਈ ਹੈ ਕਿ ਅੱਗੇ ਸਾਰੇ ਰਾਜ ਦੀ ਤਾਕਤ ਤੇ ਆਮਦਨੀ ਇਕ ਰਾਜੇ ਦੀ ਪਾਲਨਾ ਅਤੇ ਉਸ ਦੇ ਐਸ਼ ਆਰਾਮ ਵਾਸਤੇ ਖ਼ਰਚ ਹੁੰਦੀ ਸੀ, ਅਤੇ ਇਸ ਗੱਲ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ ਕਿ ਉਹ ਲੋਕਾਂ ਦਾ ਭਲਾ ਸੋਚੇ ਜਾਂ ਨਾ ਸੋਚੇ, ਪਰ ਹੁਣ ਰਾਜ-ਪ੍ਰਬੰਧ ਦਾ ਮੁਖ ਮੰਤਵ ਲੋਕਾਂ ਦਾ ਭਲਾ ਤੇ ਆਰਾਮ ਹੁੰਦਾ ਹੈ।

ਇਹ ਸਾਰੀਆਂ ਗੱਲਾਂ ਦਸਦੀਆਂ ਹਨ ਕਿ ਦੁਨੀਆਂ ਸਮੁੱਚੇ ਤੌਰ ਤੇ ਉੱਨਤੀ ਵਲ ਜਾ ਰਹੀ ਹੈ। ਸਤਿਜੁਗ ਪਿੱਛੇ ਨਹੀਂ ਸੀ, ਅੱਗੋਂ ਆਉਣ ਵਾਲਾ ਹੈ; ਸ਼ਾਇਦ ਕਦੀ ਭੀ ਨਾ ਆਵੇ, ਪਰ ਘਟ ਤੋਂ ਘਟ ਇਹ ਗਲ ਨਿਸਚੇ ਹੈ ਕਿ ਸਤਿਜੁਗ ਪਿਛੇ ਨਹੀਂ ਸੀ। ਹੌਲੀ ਹੌਲੀ ਦੁਨੀਆਂ ਚੰਗਰੀ ਤੋਂ ਚੰਗੇਰੀ ਹੋ ਰਹੀ ਹੈ।

ਸਭ ਤੋਂ ਚੰਗੀ ਗੱਲ ਜੋ ਵਰਤਮਾਨ ਸਭਿੱਤਾ ਨੇ ਲਿਆਂਦੀ ਹੈ ਉਹ ਦਿਮਾਗ਼ੀ ਨਿਮਰਤਾ ਹੈ। ਮਨੁਖ ਵਿਚ ਜਿਤਨੀ ਸਮਝ ਥੋੜੀ ਹੁੰਦੀ ਹੈ, ਉਤਨਾ ਹੀ ਉਸ ਵਿਚ ਆਪਣੀ ਰਾਏ ਦਾ ਹੱਠ ਜਾਂ ਗੁਮਾਨ ਹੋਵੇਗਾ, ਅਤੇ ਜਿਤਨਾ ਗਿਆਨ ਵਧੇਰੇ ਹੋਵੇਗਾ, ਉਤਨੀ ਹੀ ਆਪਣੀ ਰਾਏ ਉਤੇ ਜ਼ੋਰ ਦੇਣ ਵਿਚ ਝਿਜਕ ਹੋਵੇਗੀ।
ਪੁਰਾਣੇ ਜ਼ਮਾਨੇ ਦੇ ਲੋਕਾਂ ਵਿਚ ਇਕ ਦਿਮਾਗ਼ੀ ਹੱਠ ਹੁੰਦਾ ਸੀ, ਜਿਸ ਨੂੰ ਅੰਗ੍ਰੇਜ਼ੀ ਵਿਚ dogmatism ਕਹਿੰਦੇ ਹਨ। ਉਹ ਹਰ ਇਕ ਚੀਜ਼ ਨੂੰ ਹੋਰਨਾਂ ਚੀਜ਼ਾਂ ਤੋਂ ਨਿਖੇੜ ਕੇ ਪੱਕੀ ਤਰ੍ਹਾਂ ਵੰਡੀਆਂ ਪਾਉਣ ਦੀ ਆਦਤ ਸੀ। ਉਨ੍ਹਾਂ ਦੇ ਖ਼ਿਆਲ ਵਿਚ ਕਾਲੇ ਨਿਰੇ ਕਾਲੇ ਤੇ ਚਿੱਟੇ ਨਿਰੇ

ー੬ー