ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਬੋਲਦੀ ਕਿਉਂ ਨਹੀਂ? ਹਾਏ ਬੋਲ ਨਾ।' ਨੰਦੂ ਨੇ ਸੀਖਾਂ ਪਿਛੇ ਤਲਮਲਾਂਦਿਆਂ ਕਿਹਾ। ਉਸ ਨੇ ਬਾਹਾਂ ਪਸਾਰ ਕੇ ਬਿੱਲੋ ਵਲ ਵਧਾਈਆਂ। ਉਸ ਦੀ ਛਾਤੀ ਸੀਖਾਂ ਨਾਲ ਘਟੀ ਗਈ। ਉਹ ਸਾਰਾ ਤਾਣ ਲਾ ਕੇ ਬਾਂਹ ਨੂੰ ਅਗੇ ਵਧਾ ਰਿਹਾ ਸੀ, ਮਤਾਂ ਬਿਲੋ ਤੋਂ ਦੂਰ ਹੀ ਰਹਿ ਜਾਣ ਪਰ ਉਹ ਅਜੇ ਵੀ ਆਪਣੀ ਬਿਲੋ ਤੋਂ ਦੂਰ ਸੀ।

‘ਐਧਰ ਵੇਖ ... ... ਬਿਲੋ ... ... ਉਹ ਹੋਰ ਤੜਪਿਆ। ਐਤਕਾਂ ਬਿਲੋ ਨੇ ਉਤਾਂਹ ਤਕਿਆ। ਨੰਦੂ ਦੀ ਕਰੁਣਾ-ਮੁਰਤ ਨੇ ਉਸ ਦੇ ਲੂੰ ਲੂੰ ਵਿਚ ਦਰਦ ਜਗਾ ਦਿਤਾ ਉਹ ਦੌੜੀ, ਅਗੇ ਵਧੀ ਅਤੇ ਸੀਖਾਂ ਵਿਚ ਦੀ ਨਿਕਲੀਆਂ ਬਾਹਾਂ ਵਿਚ ਸਮਾ ਗਈ। ਉਹ ਹਿਚਕੀਆਂ ਭਰ ਰਹੀ ਸੀ। ਉਸ ਦੇ ਹੰਝੂ, ਨੰਦੂ ਦੀਆਂ ਤਲੀਆਂ ਵਿਚ ਸਮਾਈ ਜਾ ਰਹੇ ਸਨ। ਉਸ ਦਾ ਗੋਲ ਚਿਹਰਾ ਸੀਖਾਂ ਵਿਚ ਖੁਭਿਆ ਹੋਇਆ ਸੀ। ਉਸ ਦਾ ਦਰਦ ਸਾਰਾ ਨੰਦੂ ਨੇ ਧੋ ਸੁਟਿਆ।

‘ਬਿਲੋ ......।' ਉਸ ਨੇ ਅਖਾਂ ਸਾਫ ਕਰਦਿਆਂ ਕਿਹਾ, ‘ਮੈਨੂੰ ਪਲ ਦੀ ਪਲ ਭੁਲ ਹੀ ਗਿਆ ਸੀ ਕਿ ਮੰਗਤਾ ਹਾਂ। ਤੇਰੀ ... ਤੇਰੀ ਛੂਹ......।' ਉਹ ਹਟਕੋਰੇ ਭਰ ਰਿਹਾ ਸੀ। ਉਹ ਹੋਰ ਨਾ ਬੋਲ ਸਕਿਆ।

ਕੁਝ ਚਿਰ ਹਟਕੋਰੇ ਅਤੇ ਹਿਚਕੀਆਂ ਦੀ ਅਵਾਜ਼ ਸੁਣਾਈ ਦਿੰਦੀ ਰਹੀ। ਦੋਵੇਂ ਕਿਸੇ ਅਣਜਾਣੀ ਬੋਲੀ ਨਾਲ ਸੀਨਿਆਂ ਦਾ ਦੁਖ ਫੋਲਦੇ ਅਤੇ ਵੰਡਦੇ ਰਹੇ। ਨੰਦੂ ਬਿਲਕੁਲ ਨਾਵਾਕਫ ਸੀ ਕਿ ਉਹ ਕਿਉਂ ਰੋ ਰਿਹਾ ਏ। ਉਹ ਚਾਹੁੰਦਾ ਸੀ ਕਿ ਬਿਲੋ ਨੂੰ ਪੁਛੇ, ਕੋਈ ਨਵੀਂ ਘਟਨਾ ਤਾਂ ਨਹੀਂ ਵਾਪਰੀ, ਪਰ ਉਹ ਨਾ ਪੁਛ ਸਕਿਆ ਅਤੇ ਨਾਂ ਕੁਝ ਬੋਲ ਸਕਿਆ। ਆਖਰ ਬਿਲੋ ਨੇ ਦਿਲ ਨੂੰ ਥੰਮਿਆਂ ਅਤੇ ਧੀਰਜ ਨਾਲ ਕਹਿਣ ਲਗ ਪਈ।

-੧੧੮-