ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰ ਇਕ ਦੀ ਅੱਖ ਵਿਚ ਸਾਂਵਰੀ ਇਕ ਰੋੜੇ ਵਾਂਗ ਰੜਕ ਰਹੀ ਸੀ। ਲੋਕ ਡਰ ਗਏ। ਅਜੇ ਲੱਖਾਂ ਸਾਂਵਰੀਆਂ ਕੁਆਰੀਆਂ ਹੀ ਸਨ, ਉਹ ਮਾਪੇ ਕੀ ਕਰਨਗੇ। ਹਰ ਕੋਈ ਇਹੀ ਸੋਚ ਰਿਹਾ ਸੀ ਤੇ ‘ਧੀ’ ਸ਼ਬਦ ਇਕ ਮਨਹੂਸ ਜੇਹਾ ਸ਼ਬਦ ਜਾਪਣ ਲਗ ਪਿਆ ਸੀ। ਇਸ ਦੇ ਸੁਣਨ ਨਾਲ ਹੀ ਲੋਕਾਂ ਦੀਆਂ ਅੱਖਾਂ ਅਗੇ ਮੋਟਰਕਾਰਾਂ, ਮਕਾਨ, ਜ਼ਮੀਨਾਂ ਤੇ ਹੋਰ ਜਾਇਦਾਦਾਂ ਘੁੰਮਣ ਲਗ ਪੈਂਦੀਆਂ, ਤੇ ਇਸ ਤੋਂ ਪਿਛੋਂ ਕਰਜ਼ਾ, ਇਕ ਜਮਦੂਤ ਦਾ ਰੂਪ ਧਾਰ ਕੇ ਲੋਕਾਂ ਦੇ ਦਿਮਾਗਾਂ ਵਿਚ ਵੜ ਜਾਂਦਾ ਸੀ। ਸਾਂਵਰੀ ਲੋਕਾਂ ਵਲ ਤੱਕਦੀ, ਸਿਰ ਨੀਵਾਂ ਕਰ ਲੈਂਦੀ, ਸ਼ਰਮ ਨਾਲ ਮਰਦੀ ਜਾਂਦੀ, ਲੁਕ ਲੁਕ ਬਹਿੰਦੀ, ਛਿਪ ਛਿਪ ਫਿਰਦੀ, ਡਰਦੀ ਫਿਰਦੀ, ਉਸ ਨੂੰ ਪਤਾ ਨਾ ਲਗਦਾ ਉਹ ਕੀ ਕਰੇ, ਬਾਪੂ ਦੇ ਹੁੰਝੂ ਮਾਂ ਦਾ ਤੱੜਫਣਾ ਤੇ ਵੀਰਾਂ ਦਾ ਦਰਦ ਉਸ ਨੂੰ ਬੇ-ਹੱਦ ਦੁਖੀ ਕਰ ਰਿਹਾ ਸੀ। ਉਹ ਕਿਸੇ ਨੂੰ ਕੀ ਕਹੇ, ਉਹ ਆਪ ਵੀ ਸੜ ਰਹੀ ਸੀ, ਉਹ ਕਿਸੇ ਨੂੰ ਕੀ ਚੁਪ ਕਰਾਏ, ਕਿਸ ਨੂੰ ਹੌਂਸਲਾ ਦੇਵੇ, ਕਿਹੜੀ ਗਲ ਦੀ ਧੀਰਜ ਬੰਨਾਵੇ।

ਧੀਰਜ ਮਲ ਦੇ ਬੂਹੇ ਅੱਗੇ ਖਾਲੀ ਡੋਲਾ ਪਿਆ ਸੀ। ਚਾਰ ਚੁਫੇਰੇ ਭੀੜ ਲਗੀ ਹੋਈ ਸੀ। ਸਾਰਿਆਂ ਦੇ ਚਿਹਰੇ ਤੇ ਦਰਦ ਸੀ, ਤਰਸ ਸੀ, ਪਰ ਕੋਈ ਵੀ ਹੌਂਸਲਾ ਨਹੀਂ ਸੀ ਕਰਦਾ ਕਿ ਅਗਾਂਹ ਹੋ ਕੇ ਧੀਰਜ ਮੱਲ ਨੂੰ ਦਿਲਾਸਾ ਦੇ ਸਕੇ। ਪਰ ਹਾਂ, ਇਕ ਹੌਂਸਲੇ ਵਾਲਾ, ਉਹ ਨੌ-ਜਵਾਨ ਭੀੜ ਚੀਰਦਾ ਅਗੇ ਵਧਿਆ, ‘ਬਾਪੂ ਮੈਨੂੰ ਦਾਨ ਦਿਓ। ਭਿੱਛਿਆ ਮੰਗਦਾ ਹਾਂ, ਜੇ ਇਸ ਗਰੀਬ ਨੂੰ ਮਾਣ ਬਖਸ਼ਦੇ ਓ..... ਤਾਂ ਮੰਗ ਨਾ....ਆਹ......ਨਰਾਜ਼ ਨਾ ਹੋਣਾ ਬਾਪੂ.....ਮੈਂ ਸਾਂਵਰੀ ਦਾ ਦਾਨ ਮੰਗਨਾ......ਮੈਂ ਦਾਜ ਨਹੀਂ ਮੰਗਾਂਗਾ, ਜ਼ਮੀਨਾਂ ਨਹੀਂ ਮੰਗਾਂਗਾ, ਹੋਰ ਕੁਝ ਨਹੀਂ ਮੰਗਾਂਗਾ, ਆਪਣੀ ਬੱਚੀ.....ਮੈਨੂੰ।’ ਉਹ ਝਿਜਕਿਆ......‘ਦੇ ਦਿਓ......।’ ਸਾਰਿਆਂ ਚਿਹਰਿਆਂ ਤੇ ਅਚੰਭਾ ਜੇਹੀ ਖੁਸ਼ੀ ਦੀ ਲਹਿਰ ਦੌੜੀ।

-੧੩੪-