ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਰਾਬ ਦੇ ਬੁਰੇ ਅਸਰ ਆਮ ਤੌਰ 'ਤੇ ਜਦੋਂ ਨਸ਼ਿਆਂ ਦੇ ਸਿਹਤ ਅਤੇ ਸਮਾਜ ਉਪਰ ਪੈ ਰਹੇ ਬੁਰੇ ਪ੍ਰਭਾਵਾਂ ਦੀ ਗੱਲ ਚੱਲਦੀ ਹੈ ਤਾਂ ਬਹੁਤਾ ਜ਼ੋਰ ਚਰਸ, ਸਮੈਕ ਜਾਂ ਇਨ੍ਹਾਂ ਨਾਲ ਮਿਲਦੇ ਜੁਲਦੇ ਦੂਸਰੇ ਨਸ਼ਿਆਂ 'ਤੇ ਹੀ ਦਿੱਤਾ ਜਾਂਦਾ ਹੈ ਅਤੇ ਸ਼ਰਾਬ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਇਹ ਚੀਜ਼ ਤਾਂ ਮਾੜੀ ਨਹੀਂ ਹੈ, ਇਸਦਾ ਮਾੜਾ ਇਸਤੇਮਾਲ ਹੀ ਮਾੜੇ ਅਸਰ ਦਿਖਾਉਂਦਾ ਹੈ। ਵਿਗਿਆਨਕ ਤੱਥ ਇਸ ਧਾਰਨਾ ਦੀ ਹਾਮੀ ਨਹੀਂ ਭਰਦੇ। ਸ਼ਰਾਬ ਨੂੰ ਮਿਲਣ ਵਾਲੀ ਸਮਾਜਕ ਤੇ ਸਰਕਾਰੀ ਪ੍ਰਵਾਨਗੀ ਅਤੇ ਮਾਨਤਾ ਇਸ ਲਈ ਜ਼ਿੰਮੇਵਾਰ ਹੈ, ਨਹੀਂ ਤਾਂ ਜਿੰਨਾ ਸਰੀਰਕ, ਸਮਾਜਕ ਅਤੇ ਆਰਥਿਕ ਨੁਕਸਾਨ ਇਕੱਲੀ ਸ਼ਰਾਬ ਦੇ ਕਾਰਨ ਹੁੰਦਾ ਹੈ ਓਨਾ ਬਾਕੀ ਸਾਰੇ ਨਸ਼ਿਆਂ ਨੂੰ ਮਿਲਾ ਕੇ ਵੀ ਨਹੀਂ ਹੁੰਦਾ। ਸਰੀਰ 'ਤੇ ਬੁਰੇ ਅਸਰ ਸਰੀਰ ਦਾ ਕੋਈ ਵੀ ਅੰਗ ਸ਼ਰਾਬ ਦੇ ਬੁਰੇ ਪ੍ਰਭਾਵ ਤੋਂ ਬਚਿਆ ਨਹੀਂ ਰਹਿੰਦਾ। ਦੇਰ ਸਵੇਰ ਸ਼ਰਾਬ 'ਤੇ ਨਿਰਭਰ ਇਨਸਾਨ ਦੇ ਸਰੀਰ ਦੇ ਹਰ ਹਿੱਸੇ 'ਤੇ ਸ਼ਰਾਬ ਦੇ ਅਸਰ ਉਜਾਗਰ ਹੋਣੇ ਸ਼ੁਰੂ ਹੋ ਜਾਂਦੇ ਹਨ। ਕੁਝ ਅੰਗਾਂ ਵਿੱਚ ਤਾਂ ਸਥਾਈ ਤਬਦੀਲੀਆਂ ਵੀ ਆ ਜਾਂਦੀਆਂ ਹਨ ਅਤੇ ਹੋਣ ਵਾਲੇ ਨੁਕਸਾਨ ਨੂੰ ਕਿਸੇ ਵੀ ਤਰੀਕੇ ਨਾਲ ਠੀਕ ਕਰਨਾ ਸੰਭਵ ਨਹੀਂ ਹੁੰਦਾ। ਸਰੀਰ 'ਤੇ ਹੋਣ ਵਾਲੇ ਪ੍ਰਭਾਵਾਂ ਨੂੰ ਵੱਖ-ਵੱਖ ਸਰੀਰਕ ਕ੍ਰਿਆਵਾਂ ਅਤੇ ਪ੍ਰਣਾਲੀਆਂ ਦੇ ਸੰਦਰਭ ਵਿੱਚ ਦੇਖਿਆ ਸਮਝਿਆ ਜਾ ਸਕਦਾ ਹੈ।