ਪੰਨਾ:ਨਿਰਮੋਹੀ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੪੩

ਕੁਝ ਇਹੋ ਜਹੇ ਦੋ ਚਿਤੇ ਮਨ ਨਾਲ ਹੀ ਅਜ ਮਾਲਾ ਵੀ ਆਪਣੇ ਕਮਰੇ ਵਿਚ ਇਧਰ ਉਧਰ ਟਹਿਲ ਰਹੀ ਸੀ। ਜਦ ਪ੍ਰੇਮ ਦੀ ਮਾਤਾ ਨੇ ਮਾਲਾ ਨੂੰ ਦਸਿਆ ਸੀ ਕਿ ਪ੍ਰੇਮ ਹੁਣ ਦਿੱਲੀ ਹੀ ਰਹੇਗਾ, ਤਾਂ ਉਸ ਉਤੇ ਮਾਨੋ ਪਹਾੜ ਹੀ ਟੁੱਟ ਪਿਆ ਸੀ। ਉਹ ਬਚਪਨ ਤੋਂ ਹੀ ਪ੍ਰੇਮ ਦੇ ਨਾਲ ਉਸ ਦੇ ਪ੍ਰੇਮ ਨੂੰ ਮਾਨਦੀ ਰਹੀ ਸੀ। ਤੇ ਇਸ ਅਚਾਨਕ ਖਬਰ ਨੇ ਉਸ ਨੂੰ ਦੋ ਚਿਤੇ ਜਹੇ ਵਿਚ ਸੁਟ ਦਿਤਾ ਸੀ। ਉਸ ਨੂੰ ਵਿਸ਼ਵਾਸ ਹੀ ਨਹੀਂ ਆ ਸਕਿਆ ਸੀ। ਜੇ ਇਹ ਖਬਰ ਕੋਈ ਹੋਰ ਦੇਂਦਾ ਤਾਂ ਸ਼ਾਇਦ ਮਾਲਾ ਉਸਨੂੰ ਪਾਗਲ ਸਮਝ ਬੈਠਦੀ। ਪਰ ਖੁਦ ਆਪ ਹੀ ਮਾਤਾ ਦੇ ਮੂੰਹੋਂ ਸੁਨ ਕੇ ਉਹ ਭਲਾ ਕਿਦਾਂ ਝੂਠ ਸਮਝ ਸਕਦੀ ਸੀ?

ਅਜ ਰਹਿ ਰਹਿ ਕੇ ਉਸਨੂੰ ਪ੍ਰੇਮ ਦੀ ਯਾਦ ਸਤਾ ਰਹੀ ਸੀ। ਮਨ ਨੂੰ ਸ਼ਾਂਤ ਕਰਨ ਲਈ ਉਹ ਕੁਝ ਚਿਰ ਲਈ ਇਕ ਸਹੇਲੀ ਦੇ ਘਰ ਚਲੀ ਗਈ। ਪਰ ਗੱਲਾਂ ਵਿਚ ਵੀ ਉਸ ਦਾ ਦਿਲ ਪਰਚ ਨਾ ਸਕਿਆ। ਥੋੜੀ ਦੇਰ ਬੈਠ ਕੇ ਹੀ ਉਹ ਆਪਨੇ ਘਰ ਆ ਗਈ ਤੇ ਸੋਫੇ ਤੇ ਲੇਟ ਨਾਵਲ ਪੜ੍ਹਨ ਲਗੀ। ਇਕ ਘੰਟੇ ਪਿਛੋਂ ਨੌਕਰ ਨੇ ਪ੍ਰੀਤਮ ਦੇ ਔਣ ਦੀ ਖਬਰ ਦਿੱਤੀ।

ਪ੍ਰੀਤਮ ਨਾਲ ਵੀ ਸਾਨੂੰ ਕਾਫੀ ਕੰਮ ਹੈ, ਇਸ ਲਈ ਉਸਦੀ ਜਾਨ ਪਛਾਨ ਕਰਾ ਦੇਣੀ ਵੀ ਮੈਂ ਜਰੂਰੀ ਸਮਝਦਾ ਹਾਂ। ਉਹ ਗੋਰੇ ਰੰਗ ਤੇ ਦਰਮਿਆਨੇ ਕੱਦ ਦੀ ਹਸਮੁਖ ਕੁੜੀ ਸੀ। ਚੇਹਰਾ ਉਸ ਦਾ ਹਮੇਸ਼ਾਂ ਹਸੂੰ ਹਸੰ ਕਰਦਾ। ਭਾਵੇਂ ਉਹ ਕਿੱਨੀ ਵੀ ਉਦਾਸ ਕਿਉਂ ਨਾ ਹੋਵੇ, ਦੁਖੀ ਕਿਉਂ ਨਾ ਹੋਵੇ, ਮਖੌਲ ਕਰਨੋਂ ਕਦੀ ਨਹੀਂ ਸੀ ਝਕਦੀ।