ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/102

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਕਹਾਣੀ ਦੇ ਖੇਤਰ ਵਿਚ ਕੋਈ ਘਾਟ ਨਹੀਂ। ਵਿਰਕ ਦੀਆਂ ਵੀ ਕਈ ਬਹੁਤ ਚੰਗੀਆਂ ਸਮਝੀਆਂ ਜਾਂਦੀਆਂ ਕਹਾਣੀਆਂ ਕਿਸੇ ਮਨੋ-ਵਿਗਿਆਨਕ, ਆਰਥਿਕ ਜਾਂ ਸਮਾਜਕ ਸੂਤਰ ਦੀ ਵਿਆਖਿਆ ਹੀ ਕਰਦੀਆਂ ਹਨ, ਜਦ ਕਿ ਜਿਥੇ ਵੀ ਕਿਤੇ ਉਹ ਆਪ ਟਿੱਪਣੀ ਕਰਦਾ ਹੈ ਤਾਂ ਉਹ ਭੂਤ-ਮੁਖੀ ਪੈਂਤੜੇ ਤੋਂ ਕਰਦਾ ਹੈ।

ਦਲਿਤ ਵਰਗ ਨਾਲ ਸੰਬੰਧਤ ਪੰਜਾਬੀ ਕਹਾਣੀਕਾਰਾਂ ਅਤੇ ਦੂਜੀਆਂ ਭਾਸ਼ਾਵਾਂ ਦੇ ਦਲਿਤ ਲੇਖਕਾਂ ਵਿਚਕਾਰ ਵੀ ਇਹੀ ਫ਼ਰਕ ਹੈ। ਦੂਜੀਆਂ ਭਾਸ਼ਾਵਾਂ ਦੇ ਦਲਿਤ ਲੇਖਕ ਆਪਣੇ ਅਸਲੇ ਨੂੰ ਲੁਕਾਉਣ ਨਾਲ ਇਸ ਨੂੰ ਦੂਜਿਆਂ ਸਾਹਮਣੇ ਵੰਗਾਰ ਵਜੋਂ ਪੇਸ਼ ਕਰਦੇ ਹਨ, ਪਰ ਦਲਿਤ ਵਰਗ ਦੇ ਪੰਜਾਬੀ ਲਿਖਾਰੀ ਆਪਣੇ ਅਸਲੇ ਨੂੰ ਲੁਕਾਉਣ ਦੀ, ਇਸ ਉਤੇ ਮਧਵਰਗੀ ਜ਼ਾਹਰਦਾਰੀ ਦਾ ਮੁਲੰਮਾਂ ਚੜ੍ਹਾਉਣ ਦੀ ਅਤੇ ਮਧਵਰਗੀ ਜੀਵਨ-ਢੰਗ ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਲਈ ਪੰਜਾਬੀ ਕਹਾਣੀ ਦੇ ਖੇਤਰ ਵਿਚ ਦਲਿਤ ਸ਼ਰੇਣੀਆਂ ਨਾਲ ਸੰਬੰਧਤ ਲੇਖਕ ਤਾਂ ਹਨ, ਪਰ ਦਲਿਤ ਸਾਹਿਤ ਕੋਈ ਨਹੀਂ।

ਪੰਜਾਬੀ ਕਹਾਣੀ ਦੇ ਵਿਚ ਲੂੰਪਣਵਾਦ ਮੁੱਖ ਤੌਰ ਉਤੇ ਜਿਨਸੀ ਸੰਬੰਧਾਂ ਵਿਚ ਗ਼ੈਰ-ਜ਼ਿੰਮੇਵਾਰਾਨਾ ਵਿਵਹਾਰ ਨੂੰ ਇਨਕਲਾਬੀ ਕਾਰਵਾਈ ਵਜੋਂ ਚਿਤ੍ਰਣ ਦੇ ਰੂਪ ਵਿਚ ਸਾਹਮਣੇ ਆਇਆ। ਪਹਿਲਾਂ ਪਹਿਲਾਂ ਇਸ ਦਾ ਪ੍ਰਗਟਾਵਾ ਚਾਲੀਵਿਆਂ ਦੇ ਸ਼ੁਰੂ ਵਿਚ ਹੋਇਆ, ਜਦੋਂ ਇਹ ਪ੍ਰਗਤੀਵਾਦੀ ਆਸ਼ਿਆਂ ਦੀ ਗ਼ਲਤ ਸੋਝੀ ਦਾ ਸਿੱਟਾ ਸੀ। ਓਦੋਂ ਇਹ ਪ੍ਰਕਿਰਤੀਵਾਦੀ ਰੰਗਤ ਵੀ ਨਾਲ ਹੀ ਲੈ ਕੇ ਆਇਆ। ਮਗਰੋਂ ਪ੍ਰਯੋਗਵਾਦੀ ਧਾਰਾ ਨੇ ਇਸ ਨੂੰ ਇਕ ਵਾਰੀ ਫਿਰ ਹੁਲਾਰਾ ਦਿੱਤਾ। ਓਦੋਂ ਇਹ ਕਵਿਤਾ ਵਿਚ ਵੀ ਪਰਗਟ ਹੋਣ ਲੱਗਾ। ਨਕਸਲਵਾਦ ਨੇ ਇਸ ਨੂੰ ਠੱਲ੍ਹਿਆ। ਪਰ ਉੱਤਰ-ਨਕਸਲੀ ਦੌਰ ਵਿੱਚ ਇਹ ਮੁੜ ਇਕ ਮੁਖ ਵਰਤਾਰੇ ਵਜੋਂ ਸਾਹਮਣੇ ਆਇਆ। ਸਾਡੇ ਵੱਡੇ ਵੱਡੇ ਲੇਖਕ ਵੀ ਇਸ ਵਰਤਾਰੇ ਦੇ ਵਾਹਕ, ਪਰਚਾਰਕ ਅਤੇ ਉਤਸ਼ਾਹ ਦੇਣ ਵਾਲੇ ਰਹੇ ਹਨ।

ਲੁੰਪਣਵਾਦ ਅਸਲ ਵਿਚ ਸ਼ਰੇਣੀ-ਰਹਿਤ ਗੈਰ-ਜ਼ਿੰਮੇਵਾਰ ਰਵਈਆ ਹੈ। ਇਹ ਕਹਿਣ ਨੂੰ ਤਾਂ ਸਮਾਜ ਦੀਆਂ ਊਣਤਾਈਆਂ ਵੱਲ ਧਿਆਨ ਦੁਆਉਂਦਾ ਅਤੇ ਉਹਨਾ ਨੂੰ ਨਿੰਦਦਾ ਹੈ, ਪਰ ਅਸਲ ਵਿਚ ਇਹ ਸਮਾਜ ਦਾ ਮੂੰਹ-ਚਿੜ੍ਹਉਂਂਦਾ ਹੈ ਅਤੇ ਆਪਣੇ ਗ਼ੈਰ-ਜ਼ਿੰਮੇਵਾਰ ਵਿਵਹਾਰ ਨੂੰ ਇਨਕਲਾਬੀ ਕਾਰਜ ਦਾ ਨਾਂ ਦੇਂਦਾ ਹੈ। ਇਸ ਦਾ ਇਨਕਲਾਬੀ ਕਾਰਜ ਵੀ ਇਥੋਂ ਤਕ ਹੀ ਸੀਮਿਤ ਹੁੰਦਾ ਹੈ। ਕਿਸੇ ਢੁੱਕਵੇਂ ਹਾਂ-ਪੱਖੀ ਬਦਲ ਨੂੰ ਪੇਸ਼ ਕਰਨਾ ਨਾ ਇਸ ਦਾ ਮੰਤਵ ਹੁੰਦਾ ਹੈ, ਨਾ ਇਸ ਦੇ ਵੱਸ ਦੀ ਗੱਲ। ਅੱਸੀਵਿਆਂ ਦੇ ਸ਼ੁਰੂ ਤਕ ਇਸ ਦੇ ਤੀਸਰੇ ਦੌਰ ਦਾ ਬੋਲਬਾਲਾ ਰਿਹਾ ਹੈ। (ਦੇਖੋ ਹਥਲੀ ਪੁਸਤਕ ਦਾ ਲੇਖ ਅਜੋਕੀ ਪੰਜਾਬੀ ਕਹਾਣੀ ਵਿਚ ਸੈਕਸ, ਸਿਆਸਤ ਤੇ ਸੁਪਨਾ ।)

ਉੱਪਰ ਅਸੀਂ ਪੰਜਾਬੀ ਨਿੱਕੀ ਕਹਾਣੀ ਦੇ ਵਿਚਾਰਧਾਰਾਈ ਪਰਿਪੇਖ ਨੂੰ ਪਛਾਨਣ ਦੀ ਅਤੇ ਵਿਚਾਰਧਾਰਾ ਦੇ ਪ੍ਰਗਟਾਵਾਂ ਨੂੰ ਨਿਖੇੜਣ ਦੀ ਕੋਸ਼ਿਸ਼ ਕੀਤੀ ਹੈ। ਇਹ ਕਿਸੇ ਤਰ੍ਹਾਂ ਵੀ ਸਮੁੱਚੀ ਪੰਜਾਬੀ ਕਹਾਣੀ ਦਾ ਜਾਂ ਉਹਨਾਂ ਕਹਾਣੀਕਾਰਾਂ ਦਾ ਸਮੁੱਚਾ ਮੁਲਾਂਕਣ ਨਹੀਂ

96