ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਪੰਜਾਬੀ ਨਿੱਕੀ ਕਹਾਣੀ:
ਅਧਿਐਨ ਦੀਆਂ ਸਮੱਸਿਆਵਾਂ

ਨਿੱਕੀ ਕਹਾਣੀ ਇੱਕ ਐਸਾ ਸਾਹਿਤ ਰੂਪ ਹੈ ਜਿਹੜਾ ਇਸ ਵੇਲੇ ਹਰ ਥਾਂ ਹਰ ਸਾਹਿਤ ਵਿਚ ਗਿਣਤੀ ਵਿਚ ਭਾਰੂ ਹੈ। ਕੁਝ ਥਾਵਾਂ 'ਤੇ ਆਲੋਚਕਾਂ ਨੇ ਇਸ ਨੂੰ ਆਪਣੇ ਆਪਣੇ ਦੇਸ ਦਾ ਕੌਮੀ ਸਾਹਿਤ-ਰੂਪ ਦੱਸਣ ਦੀ ਵੀ ਕੋਸ਼ਿਸ਼ ਕੀਤੀ ਹੈ। ਤਾਂ ਵੀ ਬੜੇ ਘੱਟ ਸਾਹਿਤ ਹਨ, ਜਿਨ੍ਹਾਂ ਵਿਚ ਨਿੱਕੀ ਕਹਾਣੀ ਨੂੰ ਬਹੁਤੀ ਗੰਭੀਰਤਾ ਨਾਲ ਲਿਆ ਜਾਂਦਾ ਹੋਵੇ। ਬਹੁਤੇ ਸਾਹਿਤਾਂ ਦੇ ਇਤਿਹਾਸ ਨਿੱਕੀ ਕਹਾਣੀ ਦਾ ਜ਼ਿਕਰ ਨਹੀਂ ਕਰਦੇ ਅਤੇ ਨਿੱਕੀ ਕਹਾਣੀ ਦੇ ਇਤਿਹਾਸ ਉਤੇ ਸੈਂਚੀਆਂ ਲਿਖੀਆਂ ਹੋਈਆਂ ਕਿਤੇ ਟਾਵੀਆਂ ਟਾਵੀਆਂ ਹੀ ਮਿਲਦੀਆਂ ਹਨ। ਨਿੱਕੀ ਕਹਾਣੀ ਦੇ ਇਤਿਹਾਸ ਨੂੰ ਵਧੇਰੇ ਕਰਕੇ ਕਹਾਣੀ ਸੰਗ੍ਰਹਿਆਂ ਦੇ ਆਰੰਭ ਵਿਚ ਜਾਣ-ਪਛਾਣ ਲਈ ਲਿਖੇ ਗਏ ਲੇਖਾਂ ਵਿਚ ਹੀ ਥਾਂ ਮਿਲੀ ਹੈ। ਨਿੱਕੀ ਕਹਾਣੀ ਨੂੰ ਖ਼ਾਲੀ ਸਮਾਂ ਜਾਂ ਖ਼ਾਲੀ ਥਾਂ ਭਰਨ ਵਾਲੀ ਕੋਈ ਚੀਜ਼ ਸਮਝਿਆ ਜਾਂਦਾ ਹੈ; ਵੱਡੇ ਸਾਹਿਤ-ਰੂਪਾਂ ਲਈ ਤਿਆਰ ਹੋਣ ਵਾਸਤੇ ਇੱਕ ਅਭਿਆਸ ਦਾ ਅਖਾੜਾ ਸਮਝਿਆ ਜਾਂਦਾ ਹੈ, ਅਤੇ ਐਸਾ ਲੇਖਕ ਬੜੀ ਦੁਰਲੱਭ ਵਸਤ ਸਮਝਿਆ ਜਾਂਦਾ ਹੈ ਜਿਹੜਾ ਸਿਰਫ਼ ਨਿੱਕੀਆਂ ਕਹਾਣੀਆਂ ਲਿਖਦਾ ਹੋਵੇ, ਅਰਥਾਤ ਇਸ ਸਾਹਿਤ-ਰੂਪ ਤੋਂ ਅੱਗੇ ਨਾ ਲੰਘ ਸਕਿਆ ਹੋਵੇ ਪਰ ਫਿਰ ਵੀ ਸਫਲ ਲੇਖਕ ਸਮਝਿਆ ਜਾਂਦਾ ਹੋਵੇ।
ਪੰਜਾਬੀ ਸਾਹਿਤ ਦੀ ਸਥਿਤੀ ਦੂਜੇ ਸਾਹਿਤਾਂ ਨਾਲੋਂ ਇਸ ਪੱਖੋਂ ਕੁਝ ਵੱਖਰੀ ਹੈ ਕਿ ਇਸ ਵਿਚ ਐਸੇ ਲੇਖਕ ਕਾਫ਼ੀ ਹਨ ਜਿਹੜੇ ਦੂਜੇ ਸਾਹਿਤਾਂ ਵਿਚ ਦੁਰਲੱਭ ਹਨ, ਭਾਵ ਜਿਹੜੇ ਸਿਰਫ਼ ਨਿੱਕੀ ਕਹਾਣੀ ਲਿਖਦੇ ਹਨ, ਅਤੇ ਫਿਰ ਵੀ ਸਫਲ ਅਤੇ ਗੰਭੀਰ ਲੇਖਕ ਸਮਝੇ ਜਾਂਦੇ ਹਨ। ਸਾਹਿਤਕ ਪਿੜ ਵਿਚ ਕਹਾਣੀ ਨੇ ਕੇਂਦਰੀ ਸਥਾਨ ਮੱਲਿਆ ਹੋਇਆ ਹੈ। ਇਹ ਸਭ ਤੋਂ ਵਧ ਵਿਕਣ ਵਾਲਾ ਤੇ ਪੜ੍ਹਿਆ ਜਾਣ ਵਾਲਾ ਸਾਹਿਤ-ਰੂਪ ਹੈ। ਕਵੀ-ਦਰਬਾਰਾਂ ਦੇ ਨਾਲ ਨਾਲ ਕਹਾਣੀ-ਦਰਬਾਰਾਂ ਨੇ ਵੀ ਇਕ ਮਹੱਤਵਪੂਰਨ ਸਾਹਿਤਕ ਸਰਗਰਮੀ ਵਜੋਂ ਥਾਂ ਲੈ ਲਈ ਹੈ। ਇਸ ਲਈ ਸਾਡੇ ਵਾਸਤੇ ਇਹ ਕਹਿਣਾ ਮੁਸ਼ਕਲ ਹੈ ਕਿ ਪੰਜਾਬੀ ਵਿਚ ਇਸ ਸਾਹਿਤ-ਰੂਪ ਪ੍ਰਤਿ ਉਹੀ ਅਲਪ-ਗੰਭੀਰਤਾ ਦਾ ਮਾਹੌਲ ਮਿਲਦਾ ਹੈ, ਜਿਹੜਾ ਦੂਜੇ ਸਾਹਿਤਾਂ ਵਿਚ ਪਾਇਆ ਜਾਂਦਾ ਹੈ।
7