ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/74

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿੱਸਿਆਂ ਵਿਚ ਵੰਡ ਦਿੱਤਾ ਜਾਂਦਾ ਹੈ - ਪੁਰਾਣੀ ਕਹਾਣੀ ਅਤੇ ਨਵੀਂ ਕਹਾਣੀ ਵਿਚ। ਇਥੇ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਕਹਾਣੀ ਤਾਂ ਮਨੁੱਖ ਦੇ ਨਾਲ ਹੀ ਜਨਮੀ ਸੀ। ‘ਜਦੋਂ ਮਨੁੱਖ ਜਾਤੀ ਆਪਣੇ ਸਹਿਜਾਤੀਆਂ ਜਾਂ ਜੀਵ-ਜੰਤੂਆਂ ਨਾਲ ਵੰਨ-ਸੁਵੰਨੇ ਘਟਨਾ ਸੰਬੰਧਾਂ ਵਿਚ ਜੁੜੀ, ਕਹਾਣੀ ਦਾ ਆਰੰਭ ਹੋਇਆ। ਕਹਾਣੀ-ਜੁਗ ਨੂੰ ਭਾਸ਼ਾ-ਜੁਗ ਤੋਂ ਵੀ ਪ੍ਰਾਚੀਨ ਮੰਨਿਆ ਜਾ ਸਕਦਾ ਹੈ। ਅਤੇ ਇਸ ਤੋਂ ਮਗਰੋਂ ਰਿਗਵੇਦ ਤੋਂ ਲੈ ਕੇ ਕਿੱਸਾ, ਵਾਰ ਅਤੇ ਰੋਮਾਂਸ ਤਕ ਸਾਰੇ . ਰੂਪ ਹੀ ਗਿਣਵਾ ਦਿੱਤੇ ਜਾਂਦੇ ਹਨ ਅਤੇ ਫਿਰ ਇਕ ਵੰਡਾ ਸਾਰਾ 'ਪਰ' ਲਾ ਕੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਨਿੱਕੀ ਕਹਾਣੀ ਆਧੁਨਿਕ ਯੁਗ ਦੀ ਹੀ ਪੈਦਾਵਾਰ ਹੈ।

ਇਸ ਵਿਚ ਸੰਦੇਹ ਵਾਲੀ ਸਿਰਫ਼ ਇਕ ਗੱਲ ਹੈ ਕਿ ਏਨੇ ਵੱਖੋ ਵੱਖਰੇ ਯੁਗਾਂ ਵਿਚ ਹੋਏ ਏਨੇ ਵੱਖੋ ਵੱਖਰੇ ਸਾਹਿਤ-ਰੂਪਾਂ ਨੂੰ 'ਪੁਰਾਣੀ ਕਹਾਣੀ' ਦੇ ਇਕੋ ਨਾਂ ਹੇਠ ਇਕੱਠੇ ਕਰ ਦੇਣਾ ਕਿਥੋਂ ਤਕ ਤਰਕ-ਸੰਗਤ ਹੈ? ਖ਼ਾਸ ਕਰਕੇ ਜੇ ਸਾਂਝ ਸਿਰਫ਼ ਏਨੀ ਹੀ ਨਿਕਲਣੀ ਹੈ ਕਿ ਇਹਨਾਂ ਰੂਪਾਂ ਵਿਚ ਵੀ ਇਕ ਅੰਸ਼ ਕਹਾਣੀ ਦਾ ਹੁੰਦਾ ਸੀ ਅਤੇ ਨਿੱਕੀ ਕਹਾਣੀ ਵੀ ਕਹਾਣੀ ਹੁੰਦੀ ਹੈ? ਇਸ ਤਰ੍ਹਾਂ ਇਹ ਨਿਖੇੜ ਠੋਸ ਨਾ ਰਹਿ ਕੇ ਭਾਵਵਾਚੀ ਰੂਪ ਇਖ਼ਤਿਆਰ ਕਰ ਲੈਂਦਾ ਹੈ, ਜਿਸ ਕਰਕੇ ਡਾ. ਗੋਪਾਲ ਸਿੰਘ ਵਲੋਂ ਆਧੁਨਿਕ ਨਿੱਕੀ ਕਹਾਣੀ ਅਤੇ ਪੁਰਾਣੀ ਨਿੱਕੀ ਕਹਾਣੀ ਵਿਚਕਾਰ ਸਾਰੇ ਅੰਸ਼ਾਂ ਦੀ ਸਾਂਝ ਦੇਖਿਆ ਜਾਣਾ ਵੀ ਓਨਾ ਹੀ ਠੀਕ ਲਗਦਾ ਹੈ, ਜਿੰਨਾ ਬਾਕੀ ਸਾਰਿਆਂ ਵਲੋਂ ਸਾਰੇ ਅੰਗਾਂ ਦਾ ਨਿਖੇੜ ਕੀਤਾ ਜਾਣਾ।

ਹਾਲਾਂ ਕਿ ਇਹ ਕਥਾ-ਸ਼ਾਸਤਰ ਦਾ ਇਕ ਸੰਭਵ ਪਸਾਰ ਹੋ ਸਕਦਾ ਹੈ, ਜਿਸ ਉਤੇ ਚਲਦਿਆਂ ਆਧੁਨਿਕ ਨਿੱਕੀ ਕਹਾਣੀ ਦੇ ਵਿਧਾਗਤ ਲੱਛਣਾਂ ਨੂੰ ਸ਼ਾਇਦ ਨਿਖੇੜਿਆ ਜਾ ਸਕਦਾ ਹੈ। ਪਰ ਇਸ ਲਈ ਜ਼ਰੂਰੀ ਇਹ ਹੈ ਕਿ ਮਿੱਥ, ਗਾਥਾ, ਕਥਾ, ਸਾਖੀ ਆਦਿ ਨੂੰ ਇਕ ਇਕ ਪੁਰਾਣੀ ਕਹਾਣੀ ਦੇ ਖ਼ਾਨੇ ਵਿਚ ਨਾ ਰੱਖ ਕੇ ਆਪੋ ਆਪਣੇ ਯੁਗ ਦੀ ਸੰਵੇਦਨਾ ਨਾਲ ਇਹਨਾਂ ਦਾ ਸੰਬੰਧ ਦੇਖਿਆ ਜਾਵੇ, ਅਤੇ ਇਹ ਨਿਸ਼ਚਿਤ ਕੀਤਾ ਜਾਏ ਕਿ ਇਹ ਯੁਗ-ਸੰਵੇਦਨਾ ਇਹਨਾਂ ਰੂਪਾਂ ਵਿਚਲੇ ਕਹਾਣੀ-ਅੰਸ਼ ਨੂੰ ਡੋਲਣ ਵਿਚ ਕੀ ਭੂਮਿਕਾ ਨਿਭਾ ਰਹੀ ਹੈ। ਇਹਨਾਂ ਵੱਖੋ ਵੱਖਰੇ ਰੂਪਾਂ ਵਿਚ ਕਰਮ-ਵਿਕਾਸ ਦੀ ਕੋਈ ਸਾਂਝੀ ਤਾਰ ਲੱਭੀ ਜਾ ਸਕਦੀ ਹੈ, ਜਿਹੜੀ ਸਾਡੀ ਖੋਜ-ਘਾਲਣਾ ਨੂੰ ਸਿੱਧਾ ਨਿੱਕੀ ਕਹਾਣੀ ਨਾਲ ਲਿਆ ਜੋੜੇ? ਨਿਖੇੜਵੇਂ ਅੰਸ਼ਾਂ ਦੀ ਵੀ ਠੋਸ ਰੂਪ ਵਿਚ ਉਥੇ ਹੀ ਪਛਾਣ ਕੀਤੀ ਜਾ ਸਕਦੀ ਹੈ, ਜਿਥੇ ਸਾਂਝੇ ਅੰਸ਼ ਪ੍ਰਤੱਖ ਹੋਣ, ਅਤੇ ਵੱਖੋ ਵੱਖਰੇ ਯੁੱਗ ਵਿਚ ਇਸ ਸਾਂਝ ਅਤੇ ਨਿਖੇੜ ਦੇ ਬਦਲਦੇ ਵਿਗਸਦੇ ਕ੍ਰਮ ਦਾ ਪਤਾ ਹੋਵੇ। ਨਿਰੀ ਕਹਾਣੀ ਦੀ ਸਾਂਝ ਹੋਣਾ ਆਪਣੇ ਆਪ ਵਿਚ ਕੋਈ ਸਾਂਝ ਨਹੀਂ। ਸਾਂਝ ਅਤੇ ਨਿਖੇੜ ਦੀ ਪਛਾਣ ਯੁਗ-ਸੰਵੇਦਨਾ ਨਾਲ ਜੁੜੇ ਹੋਏ ਬਣਤਰੀ ਅੰਸ਼ਾਂ ਦੀ ਪੱਧਰ ਉਤੇ ਹੋਣੀ ਚਾਹੀਦੀ ਹੈ।

ਅਸੀਂ ਕਿਉਂਕਿ ਪੰਜਾਬੀ ਵਿਚ ਆਧੁਨਿਕ ਨਿੱਕੀ ਕਹਾਣੀ ਦਾ ਉਦਭਵ ਨਿਰੋਲ,ਪੱਛਮੀ ਪ੍ਰਭਾਵ ਨਾਲੇ ਜੋੜਦੇ ਹਾਂ, ਇਸੇ ਲਈ ਉਪ੍ਰੋਕਤ ਭਾਂਤ ਦੀ ਖੋਜ ਦਾ ਪਿੜ ਕੌਮਾਂਤਰੀ

68

68