ਪੰਨਾ:ਨੂਰੀ ਦਰਸ਼ਨ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਤੱਤੀ ਲੋਹ ਨੂੰ ਸਮਝਕੇ ਮ੍ਰਿਗਸ਼ਾਲਾ,
ਮਾਲਾ ਪ੍ਯਾਰੇ ਦੇ ਨਾਮ ਦੀ ਫੇਰਦੇ ਨੇ ।

ਇਹ ਓਹ ਵਲੀ ਨੇ ਜਿਨ੍ਹਾਂ ਦੀ ਦੀਦ ਕਾਰਨ,
ਮੀਆਂ ਮੀਰ ਜਹੇ ਪੀਰ ਭੀ ਆਂਵਦੇ ਸਨ ।
ਇਹ ਓਹ ਸ਼ਹਿਨਸ਼ਾਹ ਜਿਨ੍ਹਾਂ ਦੇ ਚਰਨ ਅੰਦਰ,
ਅਕਬਰ ਜਹੇ ਆ ਸੀਸ ਨਿਵਾਂਵਦੇ ਸਨ ।

ਜਿਵੇਂ ਜਿਵੇਂ ਨਮਰੂਦ ਦੀ ਚਿਖ਼ਾ ਵਾਙੂੰ,
ਭਾਂਬੜ ਲੋਹ ਹੇਠਾਂ ਬਲਦਾ ਅੱਗ ਦਾ ਏ ।
ਕੜ੍ਹ ਕੇ ਪੱਤ ਵਾਙੂ ਤਯੋਂ ਤਯੋਂ ਆਖਦੇ ਨੇ :-
ਮਿੱਠਾ ਭਾਣਾ ਪ੍ਯਾਰੇ ਦਾ ਲੱਗਦਾ ਏ ।
ਜਿਉਂ ਜਿਉਂ ਦੇਹ ਪਵਿੱਤਰ ਦਾ ਲਹੂ ਸੜਦਾ,
ਤਿਉਂ ਤਿਉਂ ਆਤਮਾ ਦਾ ਦੀਵਾ ਜੱਗਦਾ ਏ ।
ਲੱਖਾਂ ਜ਼ੁਲਮ ਸਰੀਰ ਤੇ ਪਏ ਹੋਵਨ,
ਹੰਝੂ ਇੱਕ ਨਾ ਅੱਖੀਓਂ ਵੱਗਦਾ ਏ ।

ਪਰਲੋ ਤੀਕ ਹੈ ਪੰਥ ਅਧੀਨ ਸਾਰਾ,
ਪੰਚਮ ਗੁਰੂ ਦੀਆਂ ਮੇਹਰਬਾਨੀਆਂ ਦਾ ।
ਦੁੱਖ ਝੱਲ ਕੇ ਆਪਣੀ ਜਾਨ ਉੱਤੇ,
ਰਾਹ ਦੱਸ ਗਏ ਜੇਹੜੇ ਕੁਰਬਾਨੀਆਂ ਦਾ ।

ਮੀਆਂ ਮੀਰ ਜੀ ਆਖਦੇ ਗੁਰੂ ਸਾਹਿਬ,
ਵੇਖ ਸਕਾਂ ਨਾ ਅੱਤ੍ਯਾਚਾਰ ਅੰਦਰ ।
ਹੋਵੇ ਹੁਕਮ ਤਾਂ ਹੋਣ ਬਰਬਾਦ ਜ਼ਾਲਮ,
ਲੱਗੇ ਅੱਗ ਦਰਬਾਰ ਸਰਕਾਰ ਅੰਦਰ ।
ਆਸ਼ਕ ਸਾਦਕ ਇਹ ਆਖਦੇ ਪੀਰ ਪਿਆਰੇ,
ਸਦਾ ਰਹਿਣਾ ਨਹੀਂ ਏਸ ਸੰਸਾਰ ਅੰਦਰ ।
ਲੈਕੇ ਸੀਸ ਭੀ ਹੋਵੇ ਜੇ ਯਾਰ ਰਾਜ਼ੀ,
ਤਾਂ ਭੀ ਖੱਟੀਏ ਏਸ ਵਿਹਾਰ ਅੰਦਰ ।

੪੬.