ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੇਹਲੀ ਤੇਰੀ ਨਢੀਏ ਵਾਂਗ ਨੀ ਕਮਾਨ ਦੇ
ਅੱਖੀਆਂ ਤੇਰੀਆਂ ਨੇ ਤੀਰ ਨਸ਼ਾਨੇ ਲਾਲੇ
ਵਿੰਨ੍ਹਿਆਂ ਕਾਲਜਾ ਨਾ ਹਿਲਿਆ ਜਾਵੇ ਰਾਂਝੇ ਤੋਂ
ਇਹ ਜਿੰਦ ਕਰਤੀ ਮੈਂ ਤਾਂ ਤੇਰੇ ਨੀ ਹਵਾਲੇ
ਚੰਗੀ ਕਰਦੀ ਹੈਂ ਤੂੰ, ਓੜ ਨਭਾਈਂ ਲੱਗੀਆਂ ਦੀ
ਡੋਬਣ ਲੱਗੀ ਹੈਂ ਕਿਊਂ ਧਾਰ ਦੇ ਵਿਚਾਲੇ

੧੩


ਹੀਰੇ ਨੀ ਬਿਨ ਸਗਨੀ ਏਂ
ਮੈਂ ਭੁਲਿਆ ਚਾਕ ਵਿਚਾਰਾ
ਦਿਹ ਜਵਾਬ ਘਰਾਂ ਨੂੰ ਚੱਲੀਏ
ਸੁੰਨਾ ਪਿਆ ਤਖਤ ਹਜ਼ਾਰਾ

੧੪


ਆਖਾਂ ਗਲ ਮੈਂ ਹੀਰੇ ਕਹਿਕੇ ਸੁਣਾ ਦਿਆਂ ਨੀ
ਤੈਨੂੰ ਆਖਾਂ ਨਢੀਏ ਬੋਲ ਨੀ ਕਰਾਰੇ।
ਤੇਰੀ ਖਾਤਰ ਨੀ ਮੈਂ ਥੰਧਾ ਚਾਰਿਆ ਚੂਚਕ ਦਾ
ਤ੍ਹਾਨੇ ਮਿਹਣੇ ਮੈਨੂੰ ਕੁਲ ਦੁਨੀਆਂ ਨੇ ਮਾਰੇ
ਆਸ਼ਕ ਜੇਡਾ ਨਾ ਬੇਸ਼ਰਮ ਕੋਈ ਜਗਤੇ ਨੀ
ਖਾਤਰ ਸ਼ੀਰੀਂ ਦੇ ਫਰਿਹਾਦ ਦੁਖ ਸਹਾਰੇ
ਪਟ ਨੂੰ ਚੀਰਿਆ ਮਹੀਂਵਾਲ ਖਾਤਰ ਸੋਹਣੀ ਦੇ
ਝੁੱਗੀ ਪਾ ਲਈ ਜਾਕੇ, ਨੈਂ ਦੇ ਕਿਨਾਰੇ
ਖਾਤਰ ਸਾਹਿਬਾਂ ਦੀ ਜੰਡ ਹੇਠ ਮਿਰਜ਼ਾ ਮਰ ਗਿਆ ਨੀ
ਆਸ਼ਕ ਉਘੇ ਹੀਰੇ ਕੁਲ ਦੁਨੀਆਂ ਵਿਚ ਸਾਰੇ
ਸੱਸੀ ਪੁੰਨੂੰ ਨੇ ਦੁਖ ਝੱਲੇ ਤੱਤੀਆਂ ਰੇਤਾਂ ਦੇ,
ਸੜ ਗਏ ਪੈਰ ਪਰ ਉਹ ਕੌਲੋਂ ਨਹੀਂ ਹਾਰੇ
ਅੱਖੀਆਂ ਲਾਕੇ ਹੀਰੇ ਹਟਣਾ ਮਿਹਣਾ ਆਸ਼ਕ ਨੂੰ
ਆਸ਼ਕ ਆਸ਼ਕ ਦੇ ਨੀ ਜਾਂਦੇ ਬਲਿਹਾਰੇ

123