ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਮਾਲਕ ਐਡੇ ਹੁਸੀਨ ਮਿੱਟੀ ਦੇ ਭਾਂਡੇ ਮੈਂ ਆਪਣੀ ਸਾਰੀ ਜ਼ਿੰਦਗੀ ਵਿਚ ਨਹੀਂ ਤੱਕੇ! ਮੈਂ ਸਾਰੀ ਦੁਨੀਆਂ ਵੇਖ ਚੁੱਕਿਆਂ...ਆਹ! ਕੇਡੇ ਖੂਬਸੂਰਤ ਨੇ ਇਹ ਕੂਜੇ, ਇਹ ਬਾਦੀਏ!"

ਬੁਢੇ ਨੌਕਰ ਨੇ ਇਕ ਖੂਬਸੂਰਤ ਬਾਦੀਆ ਬਿਜ਼ਤਬੇਗ ਅੱਗੇ ਕਰ ਦਿੱਤਾ। ਬਲਖ ਬੁਖਾਰੇ ਦੇ ਪ੍ਰਸਿਧ ਸੌਦਾਗਰ ਮਿਰਜ਼ਾ ਅਲੀ ਦਾ ਨੌਜਵਾਨ ਪੁੱਤਰ ਇਜ਼ਤ ਬੇਗ ਬੜੀ ਰੀਝ ਨਾਲ ਇਨ੍ਹਾਂ ਭਾਂਡਿਆਂ ਨੂੰ ਤੱਕਣ ਲੱਗਾ।

ਅਜੇ ਕਲ ਦੀ ਰਾਤ ਹੀ ਤਾਂ ਉਹ ਏਥੇ ਗੁਜਰਾਤ ਆਏ ਸਨ।

“ਸਚਮੁਚ ਹੀ ਏਡੀ ਖੂਬਸੂਰਤ ਕਲਾ ਕਿਰਤ ਮੈਂ ਤੱਕੀ ਨਹੀਂ। ਅਪਣੇ ਦੇਸ਼ ਲਈ, ਇਹ, ਏਥੋਂ ਦੀ ਸੁਗਾਤ ਵਜੋਂ ਲੈ ਕੇ ਚੱਲਾਂਗੇ। ਅਸਾਂ ਏਸ ਸ਼ਹਿਰ ਮਸਾਂ ਦੋ'ਕ ਦਿਨ ਠਹਿਰਨਾ ਹੈ ਕਲ ਭਾਂਡਿਆਂ ਦੀ ਚੋਣ ਕਰਨੀ ਹੋਵੇਗੀ!"

"ਮਾਲਕ ਅਸੀਂ ਏਸ ਸੌਦੇ 'ਚ ਕਾਫੀ ਕਮਾ ਲਵਾਂਗੇ! ਏਸ ਸੌਦੇ ਤੇ ਵੱਡੇ ਮਾਲਕ ਬਹੁਤ ਖੁਸ਼ ਹੋਣਗੇ।" ਬੁੱਢੇ ਨੌਕਰ ਦਾ ਮਨ ਨਫੇ ਬਾਰੇ ਸੋਚ ਰਿਹਾ ਸੀ।

"ਹਾਂ, ਹਾਂ, ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਸੌਦਾਗਰੀ ਲਈ ਤੁਰਿਆ ਹਾਂ, ਵੇਖਦੇ ਆਂ ਏਸ ਸੌਦੇ 'ਚ ਨਫਾ ਰਹਿੰਦੈ ਕਿ ਘਾਟਾ ਪੈਂਦੈ! ਇਜ਼ਤ ਬੇਗ ਨੇ ਮੁਸਕਰਾਂਦਿਆਂ ਉਤਰ ਦਿੱਤਾ।

43