ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜੇ ਤੀਕਰ ਇਜ਼ਤ ਬੇਗ ਨੇ ਸੋਹਣੀ ਨਾਲ ਦੋ ਪਿਆਰ ਭਰੀਆਂ ਗੱਲੜੀਆਂ ਵੀ ਨਹੀਂ ਸਨ ਕੀਤੀਆਂ, ਸੋਹਣੀ ਦੀਆਂ ਅੱਖਾਂ ਵਿਚ ਅੱਖਾਂ ਪਾਕੇ ਮੁਸਕਰਾਇਆ ਤਕ ਨਹੀਂ ਸੀ।

ਹਾਰਕੇ ਇਜ਼ਤ ਬੇਗ ਨੇ ਤੁੱਲੇ ਦੇ ਪੈਰ ਜਾ ਫੜੇ।

"ਮਾਪਿਆ ਮੈਨੂੰ ਬਚਾ ਲੈ! ਮੇਰੇ ਪਾਸ ਫੁੱਟੀ ਕੌਡੀ ਵੀ ਨਹੀਂ ਜੀਹਦੇ ਨਾਲ ਮੈਂ ਤੇਰਾ ਕਰਜ਼ ਮੋੜ ਸਕਾਂ। ਇਸ ਦੇਸ਼ ਵਿੱਚ ਮੇਰਾ ਕੋਈ ਨਹੀਂ। ਹੇ ਨੇਕ ਦਿਲ ਬੰਦੇ ਮੇਰੇ ਤੇ ਤਰਸ ਕਰ! ਮੈਨੂੰ ਆਪਣੇ ਕੋਲ ਨੌਕਰ ਰੱਖ ਲੈ! ਮੈਂ ਸਿਰਫ਼ ਦੋ ਟੁਕੜੇ ਰੋਟੀ ਦੇ ਖਾ ਕੇ ਗੁਜ਼ਰ ਕਰ ਲਵਾਂਗਾ, ਮੇਰੀ ਨੌਕਰੀ ਵਿਚੋਂ ਅਪਣਾ ਕਰਜ਼ਾ ਕਟ ਲੈਣਾ।" ਇਜ਼ਤ ਬੇਗ ਨੇ ਲੇਲੜੀਆਂ ਕਢਦਿਆਂ ਆਖਿਆ! ਉਹਦੇ ਨੈਣ ਭਰ ਆਏ।

ਤੁੱਲਾ ਸੋਚੀਂ ਪੈ ਗਿਆ। ਕੁਝ ਚਿਰ ਸੋਚਕੇ ਤੁੱਲੇ ਨੇ ਹੁੰਗਾਰਾ ਭਰਿਆ, "ਬੇਟਾ ਘਾਬਰਨ ਦੀ ਲੋੜ ਨਹੀਂ। ਵਣਜਾਂ ਵਿਚ ਘਾਟੇ ਵਾਧੇ ਬਣੇ ਹੀ ਹੋਏ ਨੇ! ਇਹ ਮੈਂ ਜਾਣਨਾਂ ਕਿ ਤੂੰ ਪ੍ਰਦੇਸੀ ਏਂ, ਏਥੇ ਤੇਰਾ ਕੋਈ ਮਦਦਗਾਰ ਨਹੀਂ। ਤੂੰ ਮੇਰੇ ਕੋਲ ਨੌਕਰ ਰਹਿਣ ਦਾ ਸਵਾਲ ਪਾਇਆ ਏ। ਮੈਂ ਸਵਾਲੀ ਕਦੇ ਦਰੋਂ ਮੋੜਿਆ ਨਹੀਂ। ਮੈਂ ਤੈਨੂੰ ਆਪਣੇ ਕੋਲ ਨੌਕਰ ਰੱਖਣ ਨੂੰ ਤਾਂ ਤਿਆਰ ਹਾਂ ਪਰ ਸ਼ਰਤ ਇਕ ਏ ........."

“ਹਾਂ ਦਸ ਬਾਬਾ......।" ਇਜ਼ਤ ਬੇਗ ਕਾਹਲੀ ਨਾਲ ਬੋਲਿਆ। ਉਹਨੂੰ ਆਸ ਦਾ ਟਹਿਟਹਾਣਾ ਜਗਮਗਾਂਦਾ ਵਖਾਈ ਦੇ ਰਿਹਾ ਸੀ।

“ਤੈਨੂੰ ਮੱਝਾਂ ਚਾਰਨ ਤੇ ਨੌਕਰ ਰਹਿਣਾ ਪਵੇਗਾ, ਸੋਚ ਲੈ। ਤੁੱਲੇ ਨੇ ਗੰਭੀਰਤਾ ਪੂਰਬਕ ਆਖਿਆ।

"ਮੈਨੂੰ ਮਨਜ਼ੂਰ ਏ, ਮੈਂ ਖਿੜੇ ਮੱਥੇ ਇਹ ਨੌਕਰੀ ਕਰਾਂਗਾ।"

ਇਜ਼ਤ ਬੇਗ ਲਈ ਜਿਵੇਂ ਸਵਰਗ ਦੀ ਖਿੜਕੀ ਖੁਲ ਗਈ ਹੋਵੇ। ਅਪਣੇ ਅਪਣੇ ਪਿਆਰੇ ਨਾਲ ਨੇੜਤਾ ਪਰਾਪਤ ਕਰਨ ਦੀ ਸੱਧਰ ਉਹਨੂੰ ਹੁਣ ਪੂਰੀ ਹੁੰਦੀ ਜਾਪਦੀ ਸੀ।

47