ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਬਹੁਤ ਸਾਰੇ ਭਾਂਡੇ ਖਰੀਦ ਲਏ, ਜੋ ਸੁਲ ਤੁੱਲੇ ਨੇ ਮੰਗਿਆ ਉਨ੍ਹਾਂ ਤਾਰ ਦਿੱਤਾ।

ਤੁੱਲੇ ਦੀ ਦੁਕਾਨ ਵਿਚੋਂ ਨਿਕਲਦਿਆਂ ਇਜ਼ਤ ਬੇਗ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਉਹ ਕਿਸੇ ਪਵਿੱਤਰ ਮੰਦਰ ਦੀ ਜ਼ਿਆਰਤ ਕਰ ਕੇ ਆ ਰਿਹਾ ਹੋਵੇ।

ਹੁਣ ਤੁੱਲੇ ਦੀ ਜਾਦੂਗਰ ਧੀ, ਸੋਹਣੀ, ਇਜ਼ਤ ਬੇਗ ਦੇ ਖਿਆਲਾਂ ਤੇ ਛਾ ਚੁੱਕੀ ਸੀ!

ਇਜ਼ਤ ਬੇਗ ਨੇ ਖੂਬਸੂਰਤ ਭਾਂਡੇ ਅਪਣੇ ਤੰਬੂ ਵਿਚ ਸਜਾ ਦਿੱਤੇ। ਜਿਸ ਭਾਂਡੇ ਵਲ ਉਹ ਤੱਕਦਾ, ਚੰਨ ਨਾਲੋਂ ਪਿਆਰੀ ਸੋਹਣੀ ਉਹਨੂੰ ਨਜ਼ਰ ਆਂਦੀ! ਹਰ ਪਾਸੇ ਸੋਹਣੀ, ਜਿਧਰ ਵੀ ਤੱਕਦਾ ਮੁਸਕਰਾਂਦੀ ਸੋਹਣੀ ਵਖਾਈ ਦੇਦੀ! ਸਾਰੀ ਰਾਤ ਉਹ ਸੋਹਣੀ ਦੇ ਖਿਆਲਾਂ 'ਚ ਖੋਇਆ ਰਿਹਾ, ਇਕ ਪਲ ਲਈ ਵੀ ਉਹਨੂੰ ਨੀਂਦ ਨਾਂ ਪਈ। ਪੈਸੇ ਦਾ ਵਣਜ ਕਰਨ ਆਇਆ ਸੌਦਾਗਰ ਇਸ਼ਕ ਦਾ ਵਣਜ ਕਰਨ ਲਈ ਉਤਾਵਲਾ ਹੋ ਉਠਿਆ!

ਉਹਨੇ ਅਪਣਾ ਨੌਕਰ ਅਪਣੇ ਦੇਸ਼ ਪਰਤਾ ਦਿੱਤਾ ਤੇ ਆਪ ਗੁਜਰਾਤ ਵਿਚ ਹੀ ਭਾਂਡਿਆਂ ਦੀ ਹੱਟੀ ਪਾ ਲਈ। ਉਹ ਭਾਂਡੇ ਖਰੀਦਣ ਦੇ ਬਹਾਨੇ ਹਰ ਰੋਜ਼ ਸੋਹਣੀ ਦਾ ਪਿਆਰਾ ਮੁਖੜਾ ਤੱਕ ਆਉਂਦਾ। ਭਾਂਡਿਆਂ ਦਾ ਵਪਾਰੀ ਉਹ ਕਿਧਰੋਂ ਸੀ, ਉਹ ਤਾਂ ਨੈਣਾਂ ਦਾ ਵਣਜਾਰਾ ਸੀ, ਹੁਸਨ ਦੀ ਹੱਟੀ ਤੋਂ ਸੌਦਾ ਖਰੀਦਣ ਵਾਲਾ। ਦੁਕਾਨ ਵਿਚ ਘਾਟੇ ਦਾ ਘਾਟਾ ਪੈਂਦਾ ਗਿਆ। ਇਕ ਵਰ੍ਹੇ ਵਿਚ ਹੀ ਉਹਨੇ ਅਪਣੀ ਸਾਰੀ ਪੂੰਜੀ ਮੁਕਾ ਦਿੱਤੀ। ਤੁੱਲੇ ਦਾ ਸੈਂਕੜੇ ਰੁਪੈ ਦਾ ਕਰਜ਼ਾ ਉਹਦੇ ਸਿਰ ਹੋ ਗਿਆ। ਹਾਲਤ ਏਥੋਂ ਤੱਕ ਪੁੱਜ ਗਈ ਕਿ ਉਹ ਰੋਟੀ ਤੋਂ ਵੀ ਆਤੁਰ ਹੋ ਗਿਆ।

46