ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਸੀ। "ਆਹ! ਕਿੰਨਾ ਖੂਬਸੂਰਤ ਹੋਵੇਗਾ ਉਸ ਕਲਾਕਾਰ ਦਾ ਦਿਲ, ਕਿੰਨੀਆਂ ਖੂਬਸੂਰਤ ਹੋਣਗੀਆਂ ਉਸ ਜਾਦੂਗਰ ਦੀਆਂ ਉਂਗਲਾਂ, ਜੀਹਨੇ ਅਜਿਹੀਆਂ ਖੂਬਸੂਰਤ ਕਲਾ ਕਿਰਤਾਂ ਨੂੰ ਜਨਮ ਦਿੱਤਾ ਹੈ। ਇਜ਼ਤ ਬੇਗ ਸੋਚਦਾ ਪਿਆ ਸੀ।

“ਇਹ ਬਹੁਤ ਸੁੰਦਰ ਹਨ, ਅਤੀ ਸੁੰਦਰ! ਕੋਈ ਕਦਰਦਾਨ ਦਿਲ ਹੀ ਇਨ੍ਹਾਂ ਦਾ ਮੁਲ ਤਾਰ ਸਕਦਾ ਹੈ। ਤੁਸੀਂ ਏਡੇ ਮਨਮੋਹਣੇ ਭਾਂਡੇ ਬਣਾ ਕਿਵੇਂ ਲੈ ਦੇ ਹੈ?" ਇਜ਼ਤ ਬੇਗ ਦੀਆਂ ਪਰਸੰਸਾ ਭਰੀਆਂ ਤੱਕਣੀਆਂ ਜਾਣਕਾਰੀ ਲੋੜਦੀਆਂ ਸਨ।

ਪਰਸੰਸਾ ਦੇ ਸ਼ਬਦ ਸੁਣ ਕੇ, ਤੁੱਲੇ ਦੀਆਂ ਅੱਖਾਂ ਚਮਕ ਉੱਠੀਆਂ। ਉਹ ਇਜ਼ਤ ਬੇਗ ਨੂੰ ਅਪਣੇ ਕਲਾ ਭਵਨ ਵਿਚ ਲੈ ਗਿਆ ਜਿਥੇ ਭਾਂਡੇ ਬਣ ਰਹੇ ਸਨ। ਚੱਕ ਬੜੀ ਤੇਜ਼ੀ ਨਾਲ ਘੁੰਮਦਾ ਪਿਆ ਸੀ, ਉਸਦੀ ਕਲਪਣਾ ਦੀ ਖੂਬਸੂਰਤ ਦਿਲ ਵਾਲੀ ਮੁਟਿਆਰ ਅਪਣੀਆਂ ਕੋਮਲ ਉੱਗਲਾਂ ਨਾਲ, ਗੁੰਨੀ ਹੋਈ ਮਿੱਟੀ ਨੂੰ ਜਾਦੂ ਭਰੀਆਂ ਛੂਹਾਂ ਦੇ ਰਹੀ ਸੀ।

"ਇਹ ਹੈ ਮੇਰੀ ਧੀ ਸੋਹਣੀ, ਇਹ ਸਾਰੇ ਭਾਂਡੇ ਏਸੇ ਦੇ ਬਣਾਏ ਹੋਏ ਹਨ," ਤੁੱਲੇ ਨੇ ਅਪਣੀ ਧੀ ਵੱਲ ਇਸ਼ਾਰਾ ਕੀਤਾ।

ਘੁੰਮਦਾ ਚੱਕ ਹੌਲੀ ਹੋ ਗਿਆ। ਮੁਟਿਆਰ ਚੱਕ ਉੱਤੇ ਜਨਮ ਲੈ ਰਹੇ ਸ਼ਾਹਕਾਰ ਵਿਚ ਮਗਨ ਸੀ, ਉਸ ਜ਼ਰਾ 'ਕ ਪਿੱਛੇ ਮੁੜਕੇ ਤੱਕਿਆ-ਕਾਲੀਆਂ ਘਟਾਵਾਂ ਪਿੱਛੋਂ ਚੰਦ ਦੀ ਪਿਆਰੀ ਟੁਕੜੀ ਟਹਿਕ ਪਈ।

ਇਜ਼ਤ ਬੇਗ ਨੇ ਧੁੱਪ ਵਿਚ ਸੁਕਾਏ ਜਾ ਰਹੇ ਭਾਂਡੇ ਤੱਕੇ ਅਤੇ ਆਵੇ ਵਿਚ ਪਕਾਏ ਜਾ ਰਹੇ ਭਾਂਡਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜਿੰਨੀ ਦੇਰ ਉਹ ਇਸ ਕਲਾ ਭਵਨ ਵਿਚ ਰਿਹਾ, ਸੋਹਣੀ ਦੀ ਪਿਆਰੀ ਸੂਰਤ ਉਹਨੂੰ ਨਜ਼ਰੀਂ ਆਂਦੀ ਰਾਹੀ। ਉਸਨੂੰ ਭਾਂਡਿਆਂ ਦੀ ਖੂਬਸੂਰਤ ਦਾ ਭੇਤ ਸਮਝ ਪੈ ਗਿਆ, “ਸੋਹਣੀ ਦਾ ਅਪਣਾ ਰੂਪ ਹੀ ਤਾਂ ਇਨ੍ਹਾਂ ਮਿੱਟੀ ਦਿਆਂ ਭਾਂਡਿਆਂ ਵਿਚ ਸਮਾਇਆ ਹੋਇਆ ਹੈ ਜਿਸ ਕਰਕੇ ਉਹ ਏਨੇ ਖੂਬਸੂਰਤ ਲਗਦੇ ਨੇ।

-15