ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮਹੀਂਵਾਲਾ ਮੈਂ ਅਪਣੀ ਪਾਕ ਮੁਹੱਬਤ ਤੇਰੇ ਹਵਾਲੇ ਕਰ ਦਿੱਤੀ ਐ, ਮੈਂ ਵਫਾ ਨਿਭਾਵਾਂਗੀ ਇਸ਼ਕ ਨੂੰ ਦਾਗ ਨਹੀਂ ਲਗਣ ਦਿਆਂਗੀ......।"

ਸੋਹਣੀ ਮਹੀਂਵਾਲ ਹਰ ਰੋਜ ਬੇਲੇ ਵਿਚ ਪਿਆਰ ਮਿਲਣੀਆਂ ਮਾਣਚੇ ਰਹੇ।

ਬੇਲੇ ਵਿਚ ਸੋਹਣੀ ਦਾ ਰੋਜ਼ ਮਹੀਂਵਾਲ ਪਾਸ ਜਾਣਾ ਕਈ ਖਚਰੀਆਂ ਨਜ਼ਰਾਂ ਨੂੰ ਖੁੜਕ ਗਿਆ। ਉਨ੍ਹਾਂ ਦੇ ਇਸ਼ਕ ਦੀ ਚਰਚਾ ਸ਼ੁਰੂ ਹੋ ਗਈ:

ਤੂੰ ਹਸਦੀ ਦਿਲ ਰਾਜ਼ੀ ਮੇਰਾ
ਲਗਦੇ ਨੇ ਬੋਲ ਪਿਆਰੇ
ਚਲ ਕਿਧਰੇ ਦੋ ਗੱਲਾਂ ਕਰੀਏ
ਬਹਿ ਕੇ ਨਦੀ ਕਿਨਾਰੇ
ਲੁਕ ਲੁਕ ਲਾਈਆਂ ਪਰਗਟ ਹੋਈਆਂ
ਵਜ ਗਏ ਢੋਲ ਨਿਗਾਰੇ
ਸੋਹਣੀਏਂ ਆ ਜਾ ਨੀਂ
ਡੁੱਬਦਿਆਂ ਨੂੰ ਰਬ ਤਾਰੇ

ਤੁੱਲੇ ਨੂੰ ਵੀ ਸੋਹਣੀ ਮਹੀਂਵਾਲ ਦੇ ਪ੍ਰੇਮ ਬਾਰੇ ਸੂਹ ਮਿਲ ਗਈ। ਦੋ ਜਵਾਨੀਆਂ ਦੀ ਪਾਕ ਮੁਹੱਬਤ ਨੂੰ ਉਨ੍ਹਾਂ ਪਰਵਾਨ ਨਾ ਕੀਤਾ। ਮਹੀਂਵਾਲ ਨੂੰ ਚਾਕਰੀਓ ਜਵਾਬ ਮਿਲ ਗਿਆ ਅਤੇ ਸੋਹਣੀ ਨੂੰ ਉਨ੍ਹਾਂ ਗੁਜਰਾਤ ਦੇ ਇਕ ਹੋਰ ਘੁਮਾਰਾਂ ਦੇ ਮੁੰਡੇ ਨਾਲ ਵਿਆਹ ਦਿੱਤਾ।

ਸੋਹਣੀ ਮਹੀਂਵਾਲ ਲਈ ਤੜਪਦੀ ਰਹੀ, ਮਹੀਂਵਾਲ ਸੋਹਣੀ ਦੇ ਵੈਰਾਗ ਵਿਚ ਹੰਝੂ ਕੇਰਦਾ ਰਿਹਾ! ਝੂਠੀ ਲੋਕ ਲਾਜ ਨੇ ਦੋ ਪਿਆਰੇ ਵਿਛੋੜ ਦਿੱਤੇ, ਦੋ ਰੂਹਾਂ ਘਾਇਲ ਕਰ ਦਿੱਤੀਆਂ!

ਇਜ਼ਤ ਬੇਗੋਂ ਮਹੀਂਵਾਲ ਬਣਿਆ ਮਹੀਂਵਾਲ, ਮਹੀਂਵਾਲੋਂ ਫਕੀਰ ਬਣ ਗਿਆ ਤੇ ਗੁਜਰਾਤ ਤੋ ਵਜ਼ੀਰਾ ਬਾਦ ਦੇ ਪਾਸੇ ਇਕ ਮੀਲ ਦੀ ਦੂਰੀ ਤੇ ਦਰਿਆ ਦੇ ਪਾਰਲੇ ਕੰਢੇ ਝੁੱਗੀ ਜਾ ਪਾਈ।

49