ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋਹਣੀ ਦੇ ਹਰ ਰੋਜ਼ ਅੱਧੀ ਰਾਤੋਂ ਬਾਹਰ ਜਾਣ ਤੇ ਉਹਦੀ ਨਨਾਣ ਨੂੰ ਸ਼ਕ ਹੋ ਗਿਆ। ਇਕ ਦਿਨ ਉਹ ਵੀ ਸੋਹਣੀ ਦੇ ਮਗਰ ਟੁਰ ਪਈ। ਸੋਹਣੀ ਨੂੰ ਅਪਣੇ ਮਗਰ ਆਉਂਦੀ ਕਦਮਾਂ ਦੀ ਆਵਾਜ਼ ਵੀ ਸੁਣਾਈ ਦਿੱਤੀ ਪਰੰਤੂ ਉਹਨੇ ਆਪਣੇ ਹੀ ਕਦਮਾਂ ਦੀ ਵਾਜ ਦਾ ਭੁਲੇਖਾ ਜਾਣਕੇ ਗਲ ਆਈ ਗਈ ਕਰ ਛੱਡੀ ਸੋਹਣੀ ਦਰਿਆ ਤੇ ਪੁੱਜੀ, ਸਰਕੜੇ ਦੇ ਬੂਹੇ ਵਿੱਚੋਂ ਘੜਾ ਚੁਕਿਆ ਤੇ ਦਰਿਆ ਵਿਚ ਠਲ ਪਈ। ਉਹਦੀ ਨਨਾਣ ਦੂਰ ਖੜੀ ਸਭ ਕੁਝ ਤਕਦੀ ਰਹੀ! ਸੋਹਣੀ ਕੁਝ ਸਮੇਂ ਮਗਰੋਂ ਵਾਪਸ ਪਰਤੀ ਤੇ ਘੜਾ ਉਸੇ ਥਾਂ ਤੇ ਕੇ ਦਿੱਤਾ। ਉਹਦੀ ਨਨਾਣ ਛੋਪਲੇ ਛੋਪਲੇ ਕਦਮੀਂ ਸੋਹਣੀ ਤੋਂ ਪਹਿਲੋਂ ਘਰ ਪੁਜ ਗਈ।

ਦਿਨੇ ਨਨਾਣ ਨੇ, ਆਪਣੀ ਮਾਂ ਨੂੰ, ਸੋਹਣੀ ਦੇ ਦਰਿਆ ਪਾਰ ਕਰਕੇ ਮਹੀਵਾਲ ਨੂੰ ਮਿਲਣ ਜਾਣ ਦੀ ਸਾਰੀ ਵਾਰਤਾ ਜਾ ਸੁਣਾਈ।

ਅੱਧੀ ਰਾਤ ਲੰਘੀ, ਸੋਹਣੀ ਉੱਠੀ! ਬਾਹਰ ਘੁੱਪ ਹਨੇਰਾ ਪਸਰਿਆ ਹੋਇਆ ਸੀ! ਸਾਰੇ ਅਸਮਾਨਾਂ ਤੇ ਬੱਦਲ ਛਾਏ ਹੋਏ ਸਨ! ਪੂਰੇ ਜ਼ੋਰ ਦਾ ਧੱਕਾ ਵਗ ਰਿਹਾ ਸੀ। ਸੋਹਣੀ ਨੇ ਦਰੋਂ ਬਾਹਰ ਪੈਰ ਰਖਿਆ ਹੀ ਸੀ ਕਿ ਬਿਜਲੀ ਕੜਕੜਾਈ। ਉਹਦਾ ਦਿਲ ਕੰਬ ਗਿਆ ਪਰੰਤੂ ਉਸ ਪੈਰ ਪਿੱਛੇ ਨਾ ਮੋੜੇ। ਉਹਦਾ ਮਹੀਂਵਾਲ ਉਹਨੂੰ ਉਡੀਕਦਾ ਪਿਆ ਸੀ ਦੂਰ ਪਾਰਲੇ ਕੰਢੇ ਉਹਦਾ ਇੰਤਜਾਰ ਕਰ ਰਿਹਾ ਸੀ। ਉਹ ਆਪਣਾ ਦਿਲ ਤਕੜਾ ਕਰਕੇ ਤੁਰ ਪਈ। ਰਾਹ ਨਜ਼ਰੀਂ ਨਹੀਂ ਪੈਂਦਾ। ਰਾਹ ਵਿਚ ਅਨੇਕਾਂ ਕੰਡੇ ਤੇ ਝਾੜੀਆਂ ਖੰਡੀਆਂ ਪਈਆਂ ਸਨ। ਉਹ ਡਿਗਦੀ ਜ਼ਿੰਹਦੀ, ਝਾੜੀਆ, ਝਾਫਿਆਂ ਵਿਚ ਫਸਦੀ ਲਹੂ ਲੁਹਾਣ ਹੋਈ ਝਨਾਂ ਦੇ ਕੰਢੇ ਤੇ ਪੁਜ ਗਈ। ਉਸ ਸਰਕੜੇ ਦੇ ਬਝੇ ਵਿੱਚੋਂ ਘੜਾ ਚੁਕ ਲਿਆ। ਘੜੇ ਨੂੰ ਉਸ ਆਪਣੀ ਆਦਤ ਅਨੁਸਾਰ ਟੁਣਕਾਕੇ ਵੇਖਿਆ, ਪਹਿਲੀ ਟੁਣਕਾਰ ਨਹੀਂ ਸੀ। ਆਹ! ਕਿਸੇ ਪਾਪੀ ਨੇ ਪੱਕੇ ਦੀ ਥਾਂ ਕੱਚਾ ਰੱਖ ਦਿੱਤਾ ਸੀ! ਮੁਹਬੱਤ ਨਵੇਂ ਇਮਤਿਹਾਨ ਵਿਚ ਪਾ ਦਿੱਤੀ ਸੀ।

ਪਾਰਲੇ ਕੰਢੇ ਮਹੀਂਵਾਲ ਦੀ ਝੁੱਗੀ ਵਿਚ ਦੀਵਾ ਟਿਮਟਿਮਾ ਰਿਹਾ ਸੀ ਤੇ ਮਹੀਂਵਾਲ ਸੁਰੀਲੀ ਬੰਸਰੀ ਦੀਆਂ ਤਾਨਾਂ ਤੇ ਪਿਆਰੇ ਬੋਲ ਗਾ ਦਾ ਪਿਆ ਸੀ।

51