ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋਹਣੀ ਹੁਣ ਅਪਣੇ ਸਹੁਰੇ ਘਰ ਰਹਿ ਰਹੀ ਸੀ! ਇਕ ਦਿਨ ਫ਼ਕੀਰ ਬਣਿਆ ਮਹੀਂਵਾਲ ਸੋਹਣੀ ਨੂੰ ਜਾ ਮਿਲਿਆ ਤੇ ਉਨ੍ਹਾਂ ਹਰ ਰੋਜ਼ ਅੱਧੀ ਰਾਤ ਮਰੋਂ ਝਨਾ ਦੇ ਕੰਢੇ ਮਿਲਣਾ ਨੀਯਤ ਕਰ ਲਿਆ।

ਅੱਧੀ ਰਾਤ ਗੁਜ਼ਰਦੀ, ਸੋਹਣੀ ਅਪਣੇ ਘਰਦਿਆਂ ਤੋਂ ਚੋਰੀ ਉਠਦੀ ਤੇ ਇਕ ਮੀਲ ਬੇਲੇ ਦੇ ਤਰਾਹ ਤਰਾਹ ਕਰ ਰਹੇ ਸੁਨਸਾਨ ਰਾਹਾਂ ਵਿਚੋਂ ਲੰਘਦੀ ਹੋਈ ਅਪਣੇ ਮਹੀਂਵਾਲ ਨੂੰ ਜਾ ਮਿਲਦੀ। ਮਹੀਂਵਾਲ ਪਾਰੋਂ ਕਾਲੀ ਬੋਲੀ ਰਾਤ ਵਿਚ ਝਨਾਂ ਪਾਰ ਕਰਕੇ ਆਉਂਦਾ।

ਸਤਾਰਿਆਂ ਜੜੇ ਚੰਦੋਏ ਦੀ ਛਾਂ ਥੱਲੇ ਦੋ ਘਾਇਲ ਰੂਹਾਂ ਮਿਲਦੀਆਂ, ਪਿਆਰੀਆਂ, ਰਸ ਭਰੀਆਂ ਤੇ ਨਾ ਮੁੱਕਣ ਵਾਲੀਆਂ ਗੱਲਾਂ ਕਰਦੀਆਂ।

ਇਕ ਰਾਤ ਝਨਾਂ ਪਾਰ ਕਰਦੇ ਮਹੀਂਵਾਲ ਦੇ ਤੰਦੂਏ ਨੇ ਚੱਕ ਮਾਰਿਆ ਤੇ ਉਹਦਾ ਪਟ ਚੀਰ ਸੁਟਿਆ। ਹੁਣ ਮਹੀਂਵਾਲ ਲਈ ਤੈਰਨਾ ਮੁਸ਼ਕਲ ਹੋ ਗਿਆ ਸੀ।

ਅਗਲੀ ਰਾਤ ਸੋਹਣੀ ਅਪਣੇ ਨਾਲ ਮਿੱਟੀ ਦਾ ਪੱਕਾ ਘੜਾ ਲੈ ਗਈ। ਘੜੇ ਦੀ ਮਦਦ ਨਾਲ ਉਹਨੇ ਝਨਾਂ ਪਾਰ ਕੀਤਾ ਤੇ ਮਹੀਂਵਾਲ ਦੀ ਝੁੱਗੀ ਵਿਚ ਜਾ ਪੁੱਜੀ। ਮਹੀਂਵਾਲ ਸੋਹਣੀ ਨੂੰ ਮਿਲਕੇ ਅਪਣੀ ਪੀੜ ਭੁਲ ਗਿਆ, "ਤੈਨੂੰ ਪਾ ਕੇ, ਸੋਹਣੀਏਂ ਮੇਰਾ ਦੁਖ ਅੱਧਾ ਰਹਿ ਗਿਐ! ਤੂੰ ਤਾਂ ਮਰਦਾਂ ਨਾਲੋਂ ਵੀ ਤਕੜੀ ਨਿਕਲੀ ਏਂ, ਐਡੀ ਕਾਲੀ ਬੋਲੀ ਰਾਤ ਵਿਚ ਐਡੇ ਵੱਡੇ ਦਰਿਆ ਨੂੰ ਪਾਰ ਕਰਨਾ ਇਕ ਔਰਤ ਲਈ ਬਹੁਤ ਵੱਡੀ ਗੱਲ ਏ......"

ਸੋਹਣੀ ਮਹੀਂਵਾਲ ਦੀ ਬੁੱਕਲ ਵਿਚ ਮਚਲ ਰਹੀ ਸੀ। ਜਿਥੇ ਵੀ ਮੇਰਾ ਮਹੀਂਵਾਲ ਆਵਾਜ਼ ਮਾਰੇਗਾ, ਮੈਂ ਉਥੇ ਪੁੱਜਾਂਗੀ! ਇਹ ਦਰਿਆ ਪਾਰ ਕਰਨਾ ਤਾਂ ਕੁਝ ਵੀ ਗਲ ਨਹੀਓਂ ........!"

ਉਹ ਹਰ ਰੋਜ਼ ਦਰਿਆ ਪਾਰ ਕਰਕੇ ਮਹੀਵਾਲ ਪਾਸ ਜਾਂਦੀ ਅਤੇ ਆਉਂਦੀ ਹੋਈ ਘੜਾ ਬਰਕੜੇ ਦੇ ਇਕ ਬੂਝੇ ਵਿਚ ਕੋ ਦੇਂਦੀ!

50