ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਰਲੇ ਕੰਢੇ ਸੋਹਣੀ ਕੱਚਾ ਘੜਾ ਚੁੱਕੀ ਸੋਚਾਂ ਵਿਚ ਡੁੱਬੀ ਖੜੀ ਸੀ। ਵਿਚਕਾਰ ਦਰਿਆ ਪੂਰੇ ਸਿਖਰ ਤੇ ਸੀ। ਅਸਮਾਨਾਂ ਤੇ ਕਹਿਰਾਂ ਦੀ ਬਿਜਲੀ ਲਿਸ਼ਕ ਰਹੀ ਸੀ।

"ਕੀ ਹੋਇਆ ਘੜਿਆ ਤੂੰ ਪੱਕਿਓ ਕੱਚਾ ਬਣ ਗਿਓਂ! ਮੈਂ ਪਿੱਛੇ ਨਹੀਂ ਪਰਤਾਂਗੀ, ਅਪਣਾ ਕੌਲ ਪੂਰਾ ਕਰਾਂਗੀ। ਮੈਂ ਮਰਦ ਜ਼ਾਤ ਪਾਸੋਂ ਇਹ ਉਲਾਂਭਾ ਨਹੀਂ ਖੱਟਾਂਗੀ ਕਿ ਇਕ ਤੀਵੀਂ ਨੇ ਆਪਣਾ ਕੌਲ ਪੂਰਾ ਨਹੀਂ ਕੀਤਾ। ਮੈਂ ਆਪਣੀ ਵਫ਼ਾ ਨਿਭਾਵਾਂਗੀ, ਚਾਹੇ ਮੈਨੂੰ ਅਪਣੀ ਜਿੰਦ ਵੀ ਕਿਉਂ ਨਾਂ ਵਾਰਨੀ ਪੈ ਜਾਵੇ......

ਸੋਹਣੀ ਨੇ ਸੱਚੇ ਰੱਬ ਅੱਗੇ ਅਪਣੇ ਦੋਨੋ ਹੱਥ ਜੋੜੇ ਤੇ ਕੱਚ ਘੜੇ ਨਾਲ ਦਰਿਆ ਵਿਚ ਠਿਲ੍ਹ ਪਈ:

ਰਾਤ ਹਨੇਰੀ ਲਿਸ਼ਕਣ ਤਾਰੇ
ਕੱਚੇ ਘੜੇ ਤੇ ਮੈਂ ਤੁਰਦੀ
ਵੇਖੀਂ ਰੱਬਾ ਖੈਰ ਕਰੀਂ
ਤੇਰੀ ਆਸ ਤੇ ਮੂਲ ਨਾਂ ਡਰਦੀ।

ਮੂੰਹ ਜ਼ੋਰ ਪਾਣੀਆਂ ਅੱਗ ਕੱਚਿਆਂ ਨੇ ਕਿੱਥੋਂ ਠਹਿਰਨਾ ਹੋਇਆ। ਸੋਹਣੀ ਅਜੇ ਥੋਹੜੀ ਦੂਰ ਹੀ ਗਈ ਸੀ ਕਿ ਘੜਾ ਖੁਰ ਗਿਆ। ਉਹ ਅਪਣੇ ਹੱਥ ਪੈਰ ਮਾਰਨ ਲੱਗੀ .. ਹੋਰ ਕੁਝ ਗਜ਼ ਵਧੀ... ਕਹਿਰਾਂ ਦਾ ਪਾਣੀ ਵਗ ਰਿਹਾ ਸੀ! ਉਹਦਾ ਸਾਹ ਟੁਟਣ ਲੱਗਾ...।

"ਮਹੀਂਵਾਲਾ, ਮਹੀਂਵਾਲਾ... ਆ ਮਿਲ ਲੈ ਮਹੀਂਵਾਲਾ..." ਤੇ ਸੋਹਣੀ ਦੀ ਆਵਾਜ਼ ਗੁਆਚ ਗਈ। ਪਾਣੀ ਦੀ ਇਕ ਤੇਜ਼ ਲਹਿਰ ਉਹਨੂੰ ਆਪਣੇ ਨਾਲ ਵਹਾਕੇ ਲੈ ਗਈ।

ਬੜੇ ਜ਼ੋਰਾਂ ਦੀ ਬਿਜਲੀ ਕੜਕੀ। ਬਿਜਲੀ ਦੇ ਲਿਸ਼ਕਾਰੇ ਵਿਚ ਮਹੀਂਵਾਲ ਨੂੰ ਪਾਣੀਆਂ ਨਾਲ ਘੋਲ ਕਰੇਂਦੀ ਸੋਹਣੀ ਵੱਖਾਈ ਦਿੱਤੀ।

"ਸੋਹਣੀਏ ਦਿਲ ਨਾ ਛੱਡੀ, ਮੈਂ ਆਇਆ।" ਮਹੀਂਵਾਲ ਨੇ ਆਪਣੇ ਪੂਰੇ ਜ਼ੋਰ ਨਾਲ ਆਵਾਜ਼ ਮਾਰੀ ਅਤੇ ਦਰਿਆ ਵਿਚ ਛਾਲ ਮਾਰ ਦਿੱਤੀ।

52